ਢਾਕਾ (ਸਾਹਿਬ) - ਬੰਗਲਾਦੇਸ਼ ਵਿੱਚ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਬਹਾਲ ਕਰਨ ਦੇ ਸੁਪਰੀਮ ਕੋਰਟ ਦੇ ਹੁਕਮਾਂ ਖ਼ਿਲਾਫ਼ ਹਿੰਸਾ ਜਾਰੀ ਹੈ। ਇਸ 'ਤੇ ਕਾਬੂ ਪਾਉਣ ਲਈ ਸਰਕਾਰ ਨੇ ਪੂਰੇ ਦੇਸ਼ 'ਚ ਕਰਫਿਊ ਲਗਾ ਦਿੱਤਾ ਹੈ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਵਾਮੀ ਲੀਗ ਪਾਰਟੀ ਦੇ ਜਨਰਲ ਸਕੱਤਰ ਓਬੈਦੁਲ ਕਾਦਰ ਨੇ ਸ਼ੁੱਕਰਵਾਰ (19 ਜੁਲਾਈ) ਦੇਰ ਰਾਤ ਕਰਫਿਊ ਲਗਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹਿੰਸਾ 'ਤੇ ਕਾਬੂ ਪਾਉਣ ਲਈ ਫ਼ੌਜ ਤਾਇਨਾਤ ਕੀਤੀ ਗਈ ਹੈ। ਵੀਰਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਢਾਕਾ ਵਿੱਚ ਸਰਕਾਰੀ ਟੈਲੀਵਿਜ਼ਨ ਹੈੱਡਕੁਆਰਟਰ ‘ਤੇ ਹਮਲਾ ਕੀਤਾ ਸੀ ਅਤੇ ਪੁਲੀਸ ਬੂਥਾਂ ਨੂੰ ਅੱਗ ਲਗਾ ਦਿੱਤੀ ਗਈ ਸੀ।
ਸਰਕਾਰ ਨੇ ਫੌਜ ਵੀ ਸੱਦ ਲਈ ਹੈ ਅਤੇ ਉਹ ਥਾਂ ਥਾਂ ’ਤੇ ਗਸ਼ਤ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾ ਰਹੀ ਹੈ। ਦੱਸ ਦਈਏ ਕਿ ਵਾਸ਼ਿੰਗਟਨ ਪੋਸਟ ਨੇ ਬੰਗਲਾਦੇਸ਼ੀ ਮੀਡੀਆ ਦਾ ਹਵਾਲਾ ਦਿੰਦੇ ਹੋਏ, ਸੁਰੱਖਿਆ ਬਲਾਂ ਵੱਲੋਂ ਰਬੜ ਦੀਆਂ ਗੋਲੀਆਂ ਅਤੇ ਅੱਥਰੂ ਗੈਸ ਦੇ ਗੋਲੇ ਦਾਗ਼ਣ ਦਾ ਦਾਅਵਾ ਕੀਤਾ ਹੈ। ਕਈ ਇਲਾਕਿਆਂ ਵਿੱਚ ਜਨ-ਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।
ਇਸ ਦੌਰਾਨ ਕਈ ਪ੍ਰਮੁੱਖ ਬੰਗਲਾਦੇਸ਼ੀ ਅਖਬਾਰਾਂ ਦੀਆਂ ਵੈੱਬਸਾਈਟਾਂ ਵੀਰਵਾਰ ਤੋਂ ਅਪਡੇਟ ਨਹੀਂ ਕੀਤੀਆਂ ਗਈਆਂ ਹਨ ਜਾਂ ਪੂਰੀ ਤਰ੍ਹਾਂ ਪਹੁੰਚ ਤੋਂ ਬਾਹਰ ਹਨ। ਇਸ ਦੇ ਨਾਲ ਹੀ ਟੀਵੀ ਚੈੱਨਲਾਂ ਨੇ ਵੀ ਪ੍ਰਸਾਰਣ ਬੰਦ ਕਰ ਦਿੱਤਾ ਹੈ। ਏਐੱਨਆਈ