ਪੱਤਰ ਪ੍ਰੇਰਕ : ਅੱਜ ਇੱਕ ਵਿਅਕਤੀ ਨੇ ਆਪਣੇ ਤਿੰਨ ਬੱਚਿਆਂ ਸਮੇਤ ਸ੍ਰੀ ਮੁਕਤਸਰ ਸਾਹਿਬ ਨੇੜਲੇ ਪਿੰਡ ਭੁੱਲਰ ਨੇੜਿਓਂ ਲੰਘਦੀ ਰਾਜਸਥਾਨ ਫੀਡਰ ਨਹਿਰ ਵਿੱਚ ਛਾਲ ਮਾਰ ਦਿੱਤੀ। ਇਹ ਵਿਅਕਤੀ ਰਾਜਸਥਾਨ ਦਾ ਰਹਿਣ ਵਾਲਾ ਹੈ। ਇਸ ਸਬੰਧੀ ਕਿਸੇ ਰਾਹਗੀਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਦੋਂ ਪੁਲੀਸ ਮੌਕੇ ’ਤੇ ਪੁੱਜੀ ਤਾਂ ਨਹਿਰ ਦੇ ਕੰਢੇ ਕੁਝ ਕੱਪੜੇ, ਮੋਬਾਈਲ ਤੇ ਹੋਰ ਸਾਮਾਨ ਮਿਲਿਆ। ਵਿਅਕਤੀ ਦੀ ਪਛਾਣ ਜੈ ਰੂਪਾ ਰਾਮ (40) ਵਜੋਂ ਹੋਈ ਹੈ। ਜਿਸ ਨੇ ਆਪਣੇ ਬੱਚਿਆਂ ਸੁਰੇਸ਼ (11), ਦਲੀਪ (9), ਮਨੀਸ਼ਾ (5) ਨਾਲ ਨਹਿਰ ਵਿੱਚ ਛਾਲ ਮਾਰ ਦਿੱਤੀ। ਇਹ ਸਾਰੇ ਪਿੰਡ ਬਰੇਟਾ, ਰਾਮ ਮੰਦਰ ਕੀ ਢਾਣੀ, ਜ਼ਿਲ੍ਹਾ ਜਲੌਰ (ਰਾਜਸਥਾਨ) ਦੇ ਵਸਨੀਕ ਹਨ।
ਜਦੋਂ ਪੁਲਿਸ ਨੇ ਨਹਿਰ ਕਿਨਾਰੇ ਮਿਲੇ ਮੋਬਾਈਲ ਫ਼ੋਨ ਰਾਹੀਂ ਇਸ ਵਿਅਕਤੀ ਦੇ ਵਾਰਸਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਬਿਨਾਂ ਕੁਝ ਦੱਸੇ ਘਰੋਂ ਆਇਆ ਸੀ | ਫਿਲਹਾਲ ਘਟਨਾ ਦੇ ਕਾਰਨਾਂ ਦਾ ਪਤਾ ਉਸਦੇ ਵਾਰਸਾਂ ਦੇ ਆਉਣ ਤੋਂ ਬਾਅਦ ਹੀ ਲੱਗੇਗਾ। ਥਾਣਾ ਸਦਰ ਦੇ ਐਸ.ਐਚ.ਓ. ਮਲਕੀਤ ਸਿੰਘ ਦਾ ਕਹਿਣਾ ਹੈ ਕਿ ਸੂਚਨਾ ਮਿਲਣ 'ਤੇ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਨਹਿਰ ਦੇ ਕੰਢੇ ਕੁਝ ਸਾਮਾਨ ਦੇਖਿਆ। ਇਸ ਸਾਮਾਨ ਵਿੱਚੋਂ ਮਿਲੇ ਆਧਾਰ ਕਾਰਡ ਅਤੇ ਮੋਬਾਈਲ ਫੋਨ ਦੇ ਆਧਾਰ ’ਤੇ ਇਸ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਹੈ। ਘਟਨਾ ਦੇ ਕਾਰਨਾਂ ਬਾਰੇ ਜਾਣਕਾਰੀ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਹੀ ਮਿਲ ਸਕੇਗੀ। ਵਾਰਸਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।