ਸੀ.ਪੀ.ਆਈ.(ਐਮ) ਦੇ ਕਿਸਾਨ ਆਗੂ ਉੱਗਰ ਸਿੰਘ ਮਾਨਸਾ ਨਹੀਂ ਰਹੇ ਬੀਤੀ ਕੱਲ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਹੋਇਆ ਦੇਹਾਂਤ

ਮਾਨਸਾ ( ਆਨ ਆਰ ਆਈ ਮੀਡਿਆ ) - ਕਿਸਾਨਾਂ ਦੇ ਉੱਘੇ ਆਗੂ ਰਹੇ ਸਾਥੀ ਉੱਗਰ ਸਿੰਘ ਮਾਨਸਾ ਦਾ ਬੀਤੀ ਕੱਲ ਬਿਮਾਰ ਰਹਿਣ ਕਾਰਨ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦੇਹਾਂਤ ਹੋ ਗਿਆ ਸੀ । ਜਿਨ੍ਹਾਂ ਦਾ ਅੱਜ ਮਾਨਸਾ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਸਾਥੀ ਉੱਗਰ ਸਿੰਘ ਅੱਜਕੱਲ੍ਹ ਸੀ.ਪੀ.ਆਈ.(ਐਮ) ਦੀ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਨਾਲ ਜੁੜੇ ਹੋਏ ਸਨ ਅਤੇ ਪੂਰੀ ਤਰ੍ਹਾਂ ਸਰਗਰਮ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜਿਲ੍ਹਾ ਆਗੂ ਕਾਮਰੇਡ ਜਸਵੰਤ ਸਿੰਘ ਬੀਰੋਕੇ ਅਤੇ ਸੀਟੂ ਦੇ ਆਗੂ ਕਾਮਰੇਡ ਸੁਰੇਸ਼ ਕੁਮਾਰ ਮਾਨਸਾ ਨੇ ਦੱਸਿਆ ਕਿ ਸਾਥੀ ਉੱਗਰ ਸਿੰਘ ਭਾਰਤੀ ਕਿਸਾਨ ਯੂਨੀਅਨ ( ਕਰਾਂਤੀਕਾਰੀ ) ਵਿੱਚ ਲੰਬੇ ਅਰਸੇ ਤੋਂ ਸਰਗਰਮੀ ਨਾਲ ਕੰਮ ਕਰ ਰਹੇ ਸਨ। ਖੇਤੀ ਦੇ ਕਾਲੇ ਕਾਨੂੰਨਾਂ ਖਿਲਾਫ਼ ਵਿੱਢੇ ਸੰਘਰਸ਼ ਵਿੱਚ ਕੲੀ ਵਾਰ ਜਥਿਆਂ ਦੀ ਅਗਵਾਈ ਕਰਕੇ ਦਿੱਲੀ ਗੲੇ ਸਨ। ਮਾਨਸਾ ਵਿਖੇ ਪਿਛਲੇ ਸਾਲ ਦੀ ਪਹਿਲੀ ਅਕਤੂਬਰ ਤੋਂ ਰੇਲਵੇ ਸਟੇਸ਼ਨ 'ਤੇ ਲੱਗੇ ਕਿਸਾਨ ਧਰਨੇ ਵਿੱਚ ਉਹ ਪੂਰੀ ਤਨਦੇਹੀ ਨਾਲ ਡੱਟੇ ਹੋਏ ਸਨ।
ਸਾਥੀ ਉੱਗਰ ਸਿੰਘ ਪਿਛਲੇ ਕੁੱਝ ਮਹੀਨਿਆਂ ਤੋਂ ਸੀ ਪੀ ਆਈ (ਐਮ) ਨਾਲ ਸਬੰਧਿਤ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਵਿੱਚ ਸ਼ਾਮਲ ਹੋ ਗਏ ਸਨ ਅਤੇ ਇਸ ਕਿਸਾਨ ਜਥੇਬੰਦੀ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਕੇ ਮਾਨਸਾ ਜਿਲ੍ਹੇ ਸਰਗਰਮੀ ਕਰ ਰਹੇ ਸੀ ਅਤੇ ਜਿਲ੍ਹੇ ਦੇ ਆਗੂ ਵਜੋਂ ਕਿਸਾਨਾਂ ਨੂੰ ਜਥੇਬੰਦ ਕਰ ਰਹੇ ਸਨ।
ਸਾਥੀ ਉੱਗਰ ਸਿੰਘ ( ਕਰੀਬ 70 ਸਾਲ) ਕਾਫ਼ੀ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਉਹ ਪਿਛਲੇ ਦਿਨੀਂ ਕਾਫ਼ੀ ਬਿਮਾਰ ਹੋ ਗਏ ਸਨ। ਜਿਨ੍ਹਾਂ ਦਾ ਕੲੀ ਦਿਨ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ ਚੱਲਦਾ ਰਿਹਾ। ਆਖਿਰ ਅਨੇਕਾਂ ਜੇਤੂ ਕਿਸਾਨੀ ਸੰਘਰਸ਼ਾਂ ਦਾ ਇਹ ਯੋਧਾ ਉੱਗਰ ਸਿੰਘ ਕੁਲਿਹਣੀ ਮੌਤ ਨਾਲ ਲੜਦਾ-ਲੜਦਾ ਜੰਗ ਹਾਰ ਗਿਆ।
ਅੱਜ ਉਨ੍ਹਾਂ ਦੇ ਸੰਸਕਾਰ ਮੌਕੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ , ਭਾਰਤੀ ਕਿਸਾਨ ਯੂਨੀਅਨ (ਕਰਾਂਤੀਕਾਰੀ) , ਜਮਹੂਰੀ ਕਿਸਾਨ ਸਭਾ ਆਦਿ ਕਿਸਾਨ ਜਥੇਬੰਦੀਆਂ ਨੇ ਆਪੋ-ਆਪਣੇ ਝੰਡੇ ਸਾਥੀ ਈੱਗਰ ਸਿੰਘ ਦੀ ਮਿ੍ਤਕ ਦੇਹ 'ਤੇ ਪਾ ਕੇ ਸਰਧਾਂਜਲੀ ਭੇਟ ਕੀਤੀ ਅਤੇ ਸਾਥੀ ਜੀ ਦੇ ਅਮਰ ਰਹਿਣ ਸਬੰਧੀ ਨਾਅਰੇ ਲਾਏ।
ਇਸ ਮੌਕੇ ਉਕਤ ਦੋਵੇਂ ਆਗੂਆਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ (ਕਰਾਂਤੀਕਾਰੀ) ਦੇ ਜਿਲ੍ਹਾ ਜਨਰਲ ਸਕੱਤਰ ਰਾਜ ਸਿੰਘ ਗੋਰਖਨਾਥ ,ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਜੱਸਾ ਬੁਢਲਾਡਾ , ਛੋਟਾ ਸਿੰਘ ਕੁਲਰੀਆਂ , ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਆਗੂ ਮੇਜਰ ਸਿੰਘ ਦੂਲੋਵਾਲ ਸਮੇਤ ਅਨੇਕਾਂ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਕਾਰਕੁੰਨ , ਰਿਸ਼ਤੇਦਾਰ ਅਤੇ ਸ਼ਹਿਰਵਾਸੀ ਹਾਜ਼ਰ ਸਨ ।