ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੋਵਿਡ ਦੀ ਸਥਿਤੀ ਦੇ ਮੱਦੇਨਜ਼ਰ, ਕੇਂਦਰ ਸਰਕਾਰ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਇੱਕ ਸੋਧੀ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ 'ਐਟ ਰਿਸਕ' ਅਤੇ ਪਹਿਲਾਂ ਪਛਾਣੇ ਗਏ ਹੋਰ ਦੇਸ਼ਾਂ ਦੀ ਹੱਦਬੰਦੀ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਨਾਲ ਹੀ, ਨਵੀਂ ਐਡਵਾਈਜ਼ਰੀ ਵਿੱਚ, ਯਾਤਰਾ ਤੋਂ ਬਾਅਦ 14 ਦਿਨਾਂ ਤੱਕ ਸਵੈ-ਨਿਗਰਾਨੀ ਕਰਨ ਲਈ ਕਿਹਾ ਗਿਆ ਹੈ। ਨਵੀਂ ਐਡਵਾਈਜ਼ਰੀ 14 ਫਰਵਰੀ ਤੋਂ ਲਾਗੂ ਹੋਵੇਗੀ।
ਮੁਸਾਫਰਾਂ ਨੂੰ ਨਿਰਧਾਰਤ ਯਾਤਰਾ ਤੋਂ ਪਹਿਲਾਂ ਹਵਾਈ ਸੁਵਿਧਾ ਪੋਰਟਲ 'ਤੇ ਸਵੈ-ਘੋਸ਼ਣਾ ਪੱਤਰ ਜਾਰੀ ਕਰਨਾ ਹੋਵੇਗਾ, ਜਿਸ ਵਿੱਚ ਪਿਛਲੇ 14 ਦਿਨਾਂ ਦੀ ਯਾਤਰਾ ਦੀ ਜਾਣਕਾਰੀ ਜ਼ਰੂਰੀ ਹੈ। ਇਸ ਦੇ ਨਾਲ, ਯਾਤਰੀ ਨੂੰ ਨੈਗੇਟਿਵ ਕੋਵਿਡ ਆਰਟੀ-ਪੀਸੀਆਰ ਰਿਪੋਰਟ ਵੀ ਅਪਲੋਡ ਕਰਨੀ ਹੋਵੇਗੀ। ਯਾਤਰਾ ਤੋਂ ਪਹਿਲਾਂ 72 ਘੰਟੇ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ।
ਨਵੀਂ ਐਡਵਾਈਜ਼ਰੀ ਮੁਤਾਬਕ ਏਅਰਪੋਰਟ 'ਤੇ ਮੌਜੂਦ ਸਿਹਤ ਅਧਿਕਾਰੀ ਸਾਰੇ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਕਰਨਗੇ। ਯਾਤਰੀ ਨੂੰ ਏਅਰਪੋਰਟ ਸਟਾਫ ਨੂੰ ਆਨਲਾਈਨ ਭਰਿਆ ਸਵੈ-ਘੋਸ਼ਿਤ ਫਾਰਮ ਵੀ ਦਿਖਾਉਣਾ ਹੋਵੇਗਾ। ਲੱਛਣ ਦੇਖਣ 'ਤੇ, ਯਾਤਰੀ ਨੂੰ ਤੁਰੰਤ ਅਲੱਗ ਕਰ ਦਿੱਤਾ ਜਾਵੇਗਾ ਅਤੇ ਡਾਕਟਰੀ ਸਹੂਲਤ ਲਈ ਲਿਜਾਇਆ ਜਾਵੇਗਾ। ਇਸ ਦੇ ਨਾਲ ਹੀ, ਕੋਵਿਡ ਪਾਜ਼ੇਟਿਵ ਆਉਣ 'ਤੇ ਸੰਪਰਕ ਦੀ ਪਛਾਣ ਕੀਤੀ ਜਾਵੇਗੀ।