ਵਾਰਾਣਸੀ (ਦੇਵ ਇੰਦਰਜੀਤ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਵੀਰਵਾਰ ਨੂੰ ਵਾਰਾਣਸੀ ਦੌਰੇ ’ਤੇ ਹਨ। ਇੱਥੇ ਉਨ੍ਹਾਂ ਨੇ ਵਾਰਾਣਸੀ ਨੂੰ 1500 ਕਰੋੜ ਤੋਂ ਵੱਧ ਪ੍ਰਾਜੈਕਟਾਂ ਦੀ ਸੌਗਾਤ ਦਿੱਤੀ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਦਾ ਸੌਭਾਗ ਮੈਨੂੰ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੰਬੇ ਸਮੇਂ ਬਾਅਦ ਵਾਰਾਣਸੀ ਦੇ ਲੋਕਾਂ ਨਾਲ ਸਿੱਧੀ ਮੁਲਾਕਾਤ ਦਾ ਮੌਕਾ ਮਿਲਿਆ ਹੈ। ਵਾਰਾਣਸੀ ਦੇ ਵਿਕਾਸ ਲਈ ਜੋ ਕੁਝ ਵੀ ਹੋ ਰਿਹਾ ਹੈ, ਉਹ ਸਭ ਕੁਝ ਮਹਾਦੇਵ ਦੇ ਆਸ਼ੀਰਵਾਦ ਸਦਕਾ ਹੋ ਰਿਹਾ ਹੈ।
ਕੋਰੋਨਾ ਕਾਲ ਵਿਚ ’ਚ ਵੀ ਕਾਸ਼ੀ ਨੇ ਦਿਖਾ ਦਿੱਤਾ ਕਿ ਉਹ ਰੁੱਕਦੀ ਨਹੀਂ, ਥੱਕਦੀ ਨਹੀਂ ਹੈ। ਬੀਤੇ ਕੁਝ ਮਹੀਨੇ ਸਾਡੇ ਸਾਰਿਆਂ ਲਈ ਬਹੁਤ ਮੁਸ਼ਕਲ ਭਰੇ ਰਹੇ ਹਨ। ਕੋਰੋਨਾ ਵਾਇਰਸ ਦੇ ਖਤਰਨਾਕ ਰੂਪ ਨੇ ਪੂਰੀ ਤਾਕਤ ਨਾਲ ਹਮਲਾ ਕੀਤਾ ਸੀ ਪਰ ਵਾਰਾਣਸੀ ਅਤੇ ਉੱਤਰ ਪ੍ਰਦੇਸ਼ ਨੇ ਇਸ ਦਾ ਮੁਕਾਬਲਾ ਕੀਤਾ। ਉੱਤਰ ਪ੍ਰਦੇਸ਼ ਦੀ ਆਬਾਦੀ ਦੁਨੀਆ ਦੇ ਕਈ ਵੱਡੇ ਦੇਸ਼ਾਂ ਤੋਂ ਵਧੇਰੇ ਹੈ, ਉਸ ਨੇ ਕੋਰੋਨਾ ਦੀ ਦੂਜੀ ਲਹਿਰ ਨੂੰ ਬਿਹਤਰ ਢੰਗ ਨਾਲ ਸੰਭਾਲਿਆ ਹੈ। ਜਿਨ੍ਹਾਂ ਬੀਮਾਰੀਆਂ ਦੇ ਇਲਾਜ ਲਈ ਕਦੇ ਦਿੱਲੀ ਅਤੇ ਮੁੰਬਈ ਜਾਣਾ ਪੈਂਦਾ ਸੀ, ਉਨ੍ਹਾਂ ਦਾ ਇਲਾਜ ਅੱਜ ਕਾਸ਼ੀ ਵਿਚ ਵੀ ਉਪਲੱਬਧ ਹੈ। ਕਾਸ਼ੀ ਨਗਰੀ ਅੱਜ ਪੂਰਵਾਂਚਲ ਦਾ ਬਹੁਤ ਵੱਡਾ ਮੈਡੀਕਲ ਹੱਬ ਬਣ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ’ਚ ਮੈਡੀਕਲ ਕਾਲਜਾਂ ਦੀ ਗਿਣਤੀ 4 ਗੁਣਾ ਹੋ ਗਈ ਹੈ। ਜਦਕਿ ਕਰੀਬ ਸਾਢੇ ਪੰਜ ਸੌ ਤੋਂ ਵੱਧ ਆਕਸੀਜਨ ਪਲਾਂਟ ਪ੍ਰਦੇਸ਼ ਵਿਚ ਲਾਏ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਐੱਲ. ਈ. ਡੀ. ਸਕ੍ਰੀਨ ਲੱਗ ਰਹੀ ਹੈ। ਗੰਗਾ ਘਾਟ ਅਤੇ ਕਾਸ਼ੀ ਵਿਸ਼ਵਨਾਥ ਮੰਦਰ ’ਚ ਹੋਣ ਵਾਲੀ ਆਰਤੀ ਦਾ ਪ੍ਰਸਾਰਣ ਹੁਣ ਪੂਰੇ ਸ਼ਹਿਰ ਵਿਚ ਹੋ ਸਕੇਗਾ। ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਖੇਤੀ ਖੇਤਰ ਦੀ ਗੱਲ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ’ਚ ਆਧੁਨਿਕ ਖੇਤੀ ਇੰਫਰਾਸਟ੍ਰਕਚਰ ਲਈ ਜੋ 1 ਲੱਖ ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਬਣਾਇਆ ਗਿਆ ਹੈ, ਉਸ ਦਾ ਲਾਭ ਹੁਣ ਸਾਡੀ ਖੇਤੀ ਮੰਡੀਆਂ ਨੂੰ ਵੀ ਮਿਲੇਗਾ।