ਦਿੱਲੀ (ਦੇਵ ਇੰਦਰਜੀਤ) : 7 ਮਈ ਨੂੰ ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਆਪਣੇ ਪੀਕ ’ਤੇ ਪਹੁੰਚ ਗਈ ਸੀ। ਮੌਜੂਦਾ ਅੰਕੜਿਆਂ ਮੁਤਾਬਕ ਭਾਰਤ ਜੁਲਾਈ ਦੇ ਦੂਜੇ ਹਫ਼ਤੇ ਦੇ ਆਸ-ਪਾਸ ਕੋਰੋਨਾ ਦੇ ਲਗਭਗ 10,000 ਮਾਮਲਿਆਂ ਤੱਕ ਪਹੁੰਚ ਸਕਦਾ ਹੈ। ਹਾਲਾਂਕਿ, ਅਗਸਤ ਮਹੀਨੇ ਦੇ ਦੂਜੇ ਪੰਦਰਵਾੜੇ ਤੱਕ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਸਕਦੇ ਹਨ।
ਇਸ ਤੋਂ ਇਲਾਵਾ ਇਸ ਤੀਜੀ ਲਹਿਰ ਦਾ ਅਸਰ ਬੱਚਿਆਂ ’ਤੇ ਜ਼ਿਆਦਾ ਦੇਖਣ ਨੂੰ ਮਿਲੇਗਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ’ਚ 12-18 ਸਾਲ ਉਮਰ ਵਰਗ ’ਚ 15-17 ਕਰੋੜ ਬੱਚੇ ਹਨ। ਭਾਰਤ ਨੂੰ ਵਿਕਸਿਤ ਦੇਸ਼ਾਂ ਵਾਂਗ ਇਸ ਉਮਰ ਵਰਗ ਲਈ ਵੈਕਸੀਨ ਖਰੀਦਣ ਬਾਰੇ ਰਣਨੀਤੀ ਬਣਾਉਣੀ ਚਾਹੀਦੀ ਹੈ।
ਦੇਸ਼ ਭਰ ’ਚ ਤੇਜ਼ੀ ਨਾਲ ਫੈਲੀ ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਖਬਰਾਂ ਆ ਰਹੀਆਂ ਹਨ ਕਿ ਛੇਤੀ ਹੀ ਦੇਸ਼ ’ਚ ਤੀਜੀ ਲਹਿਰ ਵੀ ਦਸਤਕ ਦੇ ਸਕਦੀ ਹੈ। ਭਾਰਤੀ ਸਟੇਟ ਬੈਂਕ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਭਾਰਤ ’ਚ ਕੋਰੋਨਾ ਦੀ ਤੀਜੀ ਲਹਿਰ ਅਗਲੇ ਮਹੀਨੇ ਦਸਤਕ ਦੇ ਸਕਦੀ ਹੈ। ਇਸ ਦੇ ਨਾਲ ਹੀ ਰਿਪੋਰਟ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਤੰਬਰ ਮਹੀਨੇ ਤੱਕ ਇਹ ਲਹਿਰ ਆਪਣੇ ਸਿਖਰ ’ਤੇ ਪਹੁੰਚ ਸਕਦੀ ਹੈ।
ਗਲੋਬਲ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਤੀਜੀ ਲਹਿਰ ਦੇ ਸਿਖਰ ਦੌਰਾਨ ਦੂਜੀ ਲਹਿਰ ਦੇ ਮੁਕਾਬਲੇ ਜ਼ਿਆਦਾ ਲੋਕ ਇਨਫੈਕਟਿਡ ਹੋਣਗੇ। ਬੈਂਕ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਇਸ ਲਹਿਰ ਦਾ ਅਸਰ ਲੱਗਭਗ 98 ਦਿਨਾਂ ਤੱਕ ਰਹਿ ਸਕਦਾ ਹੈ। ਇਸ ਤੋਂ ਇਲਾਵਾ ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਦੂਜੀ ਲਹਿਰ ਜਿੰਨੀ ਹੀ ਗੰਭੀਰ ਹੋ ਸਕਦੀ ਹੈ। ਹਾਲਾਂਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਵੈਕਸੀਨੇਸ਼ਨ ਮੁਹਿੰਮ ਦਾ ਵੀ ਫਾਇਦਾ ਲੋਕਾਂ ਨੂੰ ਮਿਲੇਗਾ। ਇਸ ਲਹਿਰ ’ਚ ਮ੍ਰਿਤਕਾਂ ਦੀ ਗਿਣਤੀ ਦੂਜੀ ਲਹਿਰ ਦੇ ਮੁਕਾਬਲੇ ਘੱਟ ਹੋ ਸਕਦੀ ਹੈ। ਇਸ ’ਚ ਦੱਸਿਆ ਗਿਆ ਹੈ ਕਿ ਵਿਕਸਿਤ ਦੇਸ਼ਾਂ ’ਚ ਦੂਜੀ ਲਹਿਰ ਦੀ ਮਿਆਦ 108 ਅਤੇ ਤੀਜੀ ਦੀ 98 ਦਿਨ ਸੀ। ਜੇਕਰ ਇਸ ਵਾਰ ਬਿਹਤਰ ਤਿਆਰੀ ਕੀਤੀ ਜਾਂਦੀ ਹੈ ਤਾਂ ਮੌਤਾਂ ਦੀ ਦਰ ਘੱਟ ਕੀਤੀ ਜਾ ਸਕਦੀ ਹੈ।