ਮਾਨਸਾ (ਐੱਨ.ਆਰ.ਆਈ. ਮੀਡਿਆ)- ਮਾਨਸਾ ਜਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਕਰੋਨਾ ਮਰੀਜ਼ ਪਿਛਲੇ ਹਫਤੇ ਤੋਂ ਆ ਰਹੇ ਹਨ। ਇੰਨ੍ਹਾਂ ਦੀ ਵੱਡੀ ਗਿਣਤੀ ਕਾਰਣ ਮਾਨਸਾ ਸਿਹਤ ਵਿਭਾਗ ਦੇ ਕੀਤੇ ਪ੍ਰਬੰਧ ਨਾਕਾਫੀ ਪਾਏ ਜਾ ਰਹੇ ਹਨ। ਉਨ੍ਹਾਂ ਵਿੱਚ ਸਭ ਤੋਂ ਵੱਡੀ ਸਮੱਸਿਆ ਫਤਿਹ ਕਿੱਟਾਂ ਦੀ ਹੈ। ਇਹ ਕਿਟ ਪੰਜਾਬ ਸਰਕਾਰ ਵੱਲੋਂ ਹਰ ਕਰੋਨਾ ਪਾਜੇਟਿਵ ਮਰੀਜ਼ ਨੂੰ ਮੁਫਤ ਦਿੱਤੀ ਜਾਣੀ ਹੁੰਦੀ ਹੈ ਪਰ ਪਿਛਲੇ ਦੋ ਦਿਨਾਂ ਤੋਂ ਇੰਨ੍ਹਾਂ ਕਿਟਾਂ ਦੀ ਘਾਟ ਹੈ ਅਤੇ ਕਰੋਨਾ ਪਾਜੇਟਿਵ ਮਰੀਜ਼ ਇਹ ਕਿੱਟਾਂ ਲੈਣ ਲਈ ਸਿਵਲ ਹਸਪਤਾਲ ਦੇ ਵੱਖ ਵੱਖ ਵਾਰਡਾਂ ਵਿੱਚ ਭਟਕਦੇ ਵੇਖੇ ਗਏ।
ਇਸਤੋਂ ਇਲਾਵਾ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਜਿਸ ਵਿਅਕਤੀ ਨੂੰ ਕਰੋਨਾ ਦੇ ਲਛਣ ਹੁੰਦੇ ਹਨ ਉਹ ਆਪਣਾ ਟੈਸਟ ਹਸਪਤਾਲ ਵਿੱਚ ਕਰਵਾ ਲੈਂਦਾ ਹੈ ਪਰ ਉਸਤੋਂ ਬਾਅਦ ਉਸਨੂੰ ਆਪਣੀ ਰਿਪੋਰਟ ਲਈ ਦੋ ਦੋ ਤਿੰਨ ਤਿੰਨ ਦਿਨ ਖੱਜਲ ਖੁਆਰ ਹੋਣਾ ਪੈਂਦਾ ਹੈ। ਇਸ ਲਈ ਜਿਲ੍ਹਾ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਵੱਲੋਂ ਜਦ ਕੋਈ ਵਿਅਕਤੀ ਆਪਣਾ ਟੈਸਟ ਕਰਵਾਕੇ ਜਾਂਦਾ ਹੈ ਤਾਂ ਉਸਨੂੰ ਇੱਕ ਕੋਈ ਨੰਬਰ ਸਬੰਧਤ ਅਧਿਕਾਰੀ ਜਾਂ ਕਰਮਚਾਰੀ ਦਾ ਦੇਣਾ ਚਾਹੀਦਾ ਹੈ ਜਿਸਤੋਂ ਉਹ ਆਪਣੀ ਟੈਸਟ ਰਿਪੋਰਟ ਦਾ ਪਤਾ ਫੋਨ ਤੇ ਕਰ ਸਕੇ ਜਾਂ ਅਜਿਹਾ ਆਨਲਾਇਨ ਸਿਸਟਮ ਹੋਣਾ ਚਾਹੀਦਾ ਹੈ ਕਿ ਕਰੋਨਾਂ ਦੀ ਰਿਪੋਰਟ ਆਉਣ ਤੇ ਕਿਸੇ ਵੈਬਸਾਈਟ ਅਤੇ ਐਪ ਉਪਰੰਤ ਮੁਹੱਈਆ ਹੋ ਸਕੇ ਕਿਉਂਕਿ ਪਿਛਲੇ ਹਫਤੇ ਕਈ ਮਾਨਸਾ ਦੇ ਵਿਅਕਤੀਆਂ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਕਿ ਉਨ੍ਹਾਂ ਨੇ ਟੈਸਟ ਕਰਵਾਇਆ ਸੀ ਪਰ ਉਨ੍ਹਾਂ ਦੀ ਰਿਪੋਰਟ ਐਸਐਮਐਸ ਰਾਹੀਂ ਉਨ੍ਹਾਂ ਕੋਲ ਨਹੀਂ ਪਹੁੰਚੀ। ਇਸ ਸਬੰਧੀ ਕਾਮਰੇਡ ਹਰਦੇਵ ਅਰਸ਼ੀ ਸਾਬਕਾ ਐਮਐਲਏ ਵੱਲੋਂ ਇੱਕ ਪੋਸਟ ਸੋਸ਼ਲ ਮੀਡੀਆ ਉਪਰ ਪਾਈ ਗਈ ਸੀ ਕਿ ਕਈ ਦਿਨ ਹੋ ਗਏ ਉਨ੍ਹਾਂ ਵੱਲੋਂ ਆਪਣੀ ਪਤਨੀ ਦਾ ਕਰੋਨਾ ਟੈਸਟ ਕਰਵਾਇਆ ਗਿਆ ਪਰ ਉਨ੍ਹਾਂ ਨੂੰ ਰਿਪੋਰਟ ਨਹੀਂ ਮਿਲ ਰਹੀ। ਚਾਹੇ ਉਨ੍ਹਾਂ ਦੇ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਤੋਂ ਬਾਅਦ ਉਨ੍ਹਾਂ ਨੂੰ ਸਿਹਤ ਵਿਭਾਗ ਨੇ ਟੈਸਟ ਰਿਪੋਰਟ ਭੇਜ਼ ਦਿੱਤੀ।
ਇਸਤੋਂ ਇਲਾਵਾ ਗੁਰਲਾਭ ਸਿੰਘ ਮਾਹਲ ਐਡਵੋਕੇਟ ਆਗੂ ਸੰਵਿਧਾਨ ਬਚਾਓ ਮੰਚ ਨੇ ਦੱਸਿਆ ਕਿ ਮਾਨਸਾ ਸਿਵਲ ਸਰਜਨ ਵੱਲੋਂ ਸੀਟੀ ਸਕੈਨ, ਜ਼ੋ ਕਿ ਕਰੋਨਾ ਮਰੀਜ਼ਾਂ ਨੂੰ ਕਰਵਾਉਣਾ ਪੈਂਦਾ ਹੈ, ਦਾ ਰੇਟ 2000 ਰੁਪਏ ਵੱਧ ਤੋਂ ਵੱਧ ਨਿਸਚਿਤ ਕਰਨ ਨਾਲ ਕਰੋਨਾ ਮਰੀਜ਼ਾਂ ਦੀ ਜ਼ੋ ਪ੍ਰਾਈਵੇਟਾਂ ਸੀਟੀ ਸਕੈਨ ਸੈਂਟਰਾਂ ਵੱਲੋਂ ਲੁੱਟ ਖਸੁੱਟ ਹੋ ਰਹੀ ਸੀ, ਉਸਤੋਂ ਛੁਟਕਾਰਾ ਮਿਿਲਆ ਹੈ।ਜਿਸ ਕਾਰਣ ਮਾਨਸਾ ਵਾਸੀਆਂ ਵੱਲੋਂ ਸਿਹਤ ਵਿਭਾਗ ਦੀ ਪ੍ਰਸ਼ੰਸਾ ਕੀਤੀ ਗਈ ਹੈ। ਇਸਤੋਂ ਇਲਾਵਾ ਉਨ੍ਹਾਂ ਜਿਲ੍ਹਾ ਪ੍ਰਸ਼ਾਸਨ ਅਤੇ ਸਿਵਲ ਸਰਜਨ ਮਾਨਸਾ ਤੋਂ ਮੰਗ ਕੀਤੀ ਗਈ ਕਿ ਇਸੇ ਤਰ੍ਹਾਂ ਕਰੋਨਾਂ ਨਾਲ ਸਬੰਧਤ ਹੁੰਦੇ ਖੂਨ ਦੇ ਟੈਸਟ (ਕਰੋਨਾ ਪ੍ਰ੍ਰੋਫਾਈਲ) ਦੇ ਰੇਟ ਨਿਸਚਿਤ ਕੀਤੇ ਜਾਣ ਤਾਂ ਜ਼ੋ ਨਿੱਜੀ ਲੈਬਾਂ ਵੱਲੋਂ ਕੀਤੀ ਜਾ ਰਹੀ ਮਨ ਮਰਜ਼ੀ ਬੰਦ ਹੋ ਸਕੇ ਅਤੇ ਮਾਨਸਾ ਜਿਲ੍ਹੇ ਦੇ ਲੋਕਾਂ ਨੂੰ ਵਾਜਬ ਰੇਟ *ਤੇ ਸਿਹਤ ਸਹੂਲਤਾਂ ਮੁਹੱਈਆ ਹੋ ਸਕਣ।