ਸੰਗੀਤ ਦੀ ਦੁਨੀਆਂ ਵਿਚ ਪੁਜਿਆ ਕੈਪਟਨ ਤੇ ਸਿੱਧੂ ਦਾ ਵਿਵਾਦ

by mediateam

ਚੰਡੀਗੜ : ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਵਿਵਾਦ ਕਿਸੇ ਤੋਂ ਲੁਕਿਆ ਨਹੀਂ ਹੈ। ਰਾਜਨੀਤਕ ਹਲਕਿਆਂ 'ਚ ਤਾਂ ਇਸ ਵਿਵਾਦ 'ਤੇ ਬਹਿਸ ਹੁੰਦੀ ਰਹਿੰਦੀ ਹੈ ਪਰ ਹੁਣ ਇਹ ਵਿਵਾਦ ਸੰਗੀਤ ਦੀ ਦੁਨੀਆਂ ਵਿਚ ਪੁੱਜ ਗਿਆ ਹੈ। ਜਲੰਧਰ ਨਾਲ ਸਬੰਧਤ ਗਾਇਕ ਹਿੰਮਤ ਸਿੰਘ ਨੇ ਰੈਪ ਤਿਆਰ ਕਰ ਕੇ ਸਿੱਧੂ ਦਾ ਪੱਖ ਲਿਆ ਹੈ। 

ਗੀਤ ਨੂੰ ਸੋਸ਼ਲ ਮੀਡੀਆ 'ਤੇ ਹੁੰਗਾਰਾ ਮਿਲ ਰਿਹਾ ਹੈ, ਜਿੱਥੇ ਇਕ ਪਾਸੇ ਸਰੋਤੇ ਮੰਨਦੇ ਹਨ ਕਿ ਗੀਤ ਨਵਜੋਤ ਸਿੱਧੂ ਨੇ ਹੀ ਤਿਆਰ ਕਰਵਾਇਆ ਹੈ ਉਥੇ ਕੁਝ ਲੋਕਾਂ ਨੇ ਸਿਫ਼ਤ ਕਰਦਿਆਂ ਕਿਹਾ ਹੈ ਕਿ ਹਿੰਮਤ ਨੇ ਕੈਪਟਨ ਤੇ ਸੁਖਬੀਰ ਬਾਦਲ ਵਿਚਾਲੇ ਚੱਲ ਰਹੇ ਫਰੈਂਡਲੀ ਮੈਚ ਨੂੰ ਗੀਤ ਜ਼ਰੀਏ ਬਿਆਨ ਕਰ ਦਿੱਤਾ ਹੈ। ਇਸ ਗੀਤ ਵਿਚ ਸਿੱਧੂ ਤੇ ਕੈਪਟਨ ਜਾਂ ਸਿੱਧੂ-ਸੁਖਬੀਰ, ਮਜੀਠੀਆ ਦੇ ਨਾਲ ਚੱਲਦੇ ਝਗੜੇ ਵੀ ਉਭਾਰੇ ਗਏ ਹਨ।ਗਾਣੇ ਦੇ ਸ਼ੁਰੂਆਤੀ ਬੋਲ ਤੋਂ ਪਤਾ ਲੱਗਦਾ ਹੈ ਕਿ ਹਿੰਮਤ ਨੇ ਸਿੱਧੂ ਨੂੰ ਕੈਬਨਿਟ ਵਿੱਚੋਂ 'ਕੱਢੇ ਜਾਣ' ਦੀ ਸਾਜ਼ਿਸ਼ ਬਿਆਨ ਕੀਤੀ ਹੈ। 

ਇਸ ਵਿਚ ਦੱਸਿਆ ਗਿਆ ਹੈ ਕਿ ਸੁਖਬੀਰ ਤੇ ਕੈਪਟਨ ਵਿਚਾਲੇ ਅੰਦਰਖਾਤੇ ਸਾਂਝ ਹੈ।ਵਿਧਾਨ ਸਭਾ ਵਿਚ ਸਿੱਧੂ ਤੇ ਬਿਕਰਮ ਮਜੀਠੀਆ ਵਿਚਾਲੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ 'ਤੇ ਹੋਏ ਵਿਵਾਦ ਨੂੰ ਵੀ ਗੀਤ 'ਚ ਥਾਂ ਦਿੱਤੀ ਹੈ। ਗਾਇਕ ਮੁਤਾਬਕ ਸਿੱਧੂ ਦੀ ਰਜ਼ਾ ਨਸ਼ਿਆਂ ਦੇ ਵਪਾਰੀਆਂ ਵਿਰੁੱਧ ਸਖ਼ਤੀ ਕਰਨ ਦੀ ਸੀ ਜਦਕਿ ਵਿਰੋਧੀਆਂ ਤੋਂ ਇਹ ਸਹਿਣ ਨਹੀਂ ਹੋਇਆ। ਹਿੰਮਤ ਨੇ ਪਹਿਲੀ ਵਾਰ ਸਿੱਧੂ ਲਈ ਗੀਤ ਨਹੀਂ ਗਾਇਆ ਹੈ ਸਗੋਂ ਵਿਧਾਨ ਸਭਾ 'ਚ ਮਜੀਠੀਆ ਨਾਲ ਤਕਰਾਰ ਮਗਰੋਂ ਵੀ ਰੈਪ ਬਣਾਇਆ ਸੀ। ਉਦੋਂ ਜਲੰਧਰ ਲਾਗੇ ਪਿੰਡ ਉਦੋਵਾਲ ਦਾ ਰੌਕੀ ਸਿੰਘ ਵੀ ਨਾਲ ਸੀ। ਰੌਕੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਕਹਿਣਾ ਗ਼ਲਤ ਹੈ ਕਿ ਅਸੀਂ ਸਿੱਧੂ ਦੇ ਕਹਿਣ ਦੇ ਆਖੇ ਲੱਗ ਕੇ ਗਾਣੇ ਗਾ ਰਹੇ ਹਾਂ। ਇਹ ਤਾਂ ਸਿੱਧੂ ਦੇ ਫੈਨਜ਼ ਲਈ ਹੈ।

ਗੀਤ ਦੇ ਬੋਲ ਇਸ ਤਰ੍ਹਾਂ ਹਨ..!

ਸਿੱਧੂ ਕੀਤਾ ਬਦਨਾਮ ਲਾ ਕੇ ਝੂਠੇ ਇਲਜ਼ਾਮ

ਮਾੜਾ ਸਿੱਧੂ ਨੇ ਕੀ ਕੀਤਾ ਸਾਨੂੰ ਵੀ ਤਾਂ ਦੱਸ

ਬੱਸ ਸਿੱਧੂ ਦਾ ਕਸੂਰ ਉਹ ਬੋਲ ਪਿਆ ਸੱਚ

ਪੈਣਾ ਸਿੱਧੂ ਨਾਲ ਤੁਹਾਨੂੰ ਇਨਸਾਫ਼ ਕਰਨਾ

ਨਹੀਂ ਤਾਂ ਪਊਗਾ ਤੁਹਾਨੂੰ ਵੱਡਾ ਹਰਜਾਨਾ ਭਰਨਾ

ਲੋੜ ਪੈਣ 'ਤੇ ਖੜ੍ਹੇਗਾ ਸਿੱਧੂ ਨਾਲ ਸਾਰਾ ਪੰਜਾਬ..।