ਨਿਊਜ਼ ਡੈਸਕ : ਲੁਧਿਆਣਾ ਦੇ ਜੋਸ਼ੀ ਨਗਰ ਹੈਬੋਲਵਾਲ 'ਚ ਪੁਲਿਸ ਦੇ ਕਾਂਸਟੇਬਲ ਵੱਲੋਂ AK-47 ਨਾਲ ਔਰਤ 'ਤੇ ਗੋਲ਼ੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਵਾਰਦਾਤ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ ਤੇ ਲੋਕ ਸਹਿਮ ਗਏ। ਜਾਣਕਾਰੀ ਅਨੁਸਾਰ ਜੋਸ਼ੀ ਨਗਰ ਹੈਬੋਵਾਲ 'ਚ ਪੁਲਿਸ ਕਾਂਸਟੇਬਲ ਸਿਮਰਨਜੀਤ ਸਿੰਘ ਨੇ ਨਿਧੀ ਨਾਮਕ ਔਰਤ 'ਤੇ AK-47 ਨਾਲ ਗੋਲ਼ੀਆਂ ਚਲਾ ਦਿੱਤੀਆਂ, ਜਿਸ ਨਾਲ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਕਾਂਸਟੇਬਲ ਨੇ ਖ਼ੁਦ ਨੂੰ ਗੋਲ਼ੀ ਮਾਰ ਲਈ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ। ਪੁਲਿਸ ਨੂੰ ਸਭ ਤੋਂ ਪਹਿਲਾਂ ਜਾਣਕਾਰੀ ਔਰਤ ਦੇ ਬੇਟੇ ਨੇ ਦਿੱਤੀ ਹੈ।
ਲੋਕਾਂ ਵੱਲੋਂ ਜ਼ਖ਼ਮੀ ਕਾਂਸਟੇਬਲ ਨੂੰ ਤੁਰੰਤ ਡੀਐੱਮਸੀ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਸਿਮਰਨਜੀਤ ਸਿੰਘ ਕਾਂਸਟੇਬਲ ਵਜੋਂ ਪੁਲਿਸ ਲਾਈਨ 'ਚ ਤਾਇਨਾਤ ਹੈ। ਪੁਲਿਸ ਨੇ ਇਸ ਮਾਮਲੇ 'ਚ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਸ ਮਾਮਲੇ ਦੀ ਤਫਤੀਸ਼ 'ਚ ਜੁੱਟ ਗਈ ਹੈ ਕਿ ਕਾਂਸਟੇਬਲ ਨੇ ਔਰਤ ਨੂੰ ਗੋਲ਼ੀਆਂ ਕਿਉਂ ਮਾਰੀਆਂ ਤੇ ਆਪਣੇ ਉਪਰ ਗੋਲ਼ੀਆਂ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਵੀ ਕਿਉਂ ਕੀਤੀ ਗਈ। ਮੌਕੇ 'ਤੇ ਪੁੱਜੀ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਜਾਂਚ ਚੱਲ ਰਹੀ ਹੈ ਤੇ ਫੋਰੈਂਸਿਕ ਟੀਮ ਨੇ ਮੌਕੇ ਉਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।