ਬਰਲਿਨ (ਦੇਵ ਇੰਦਰਜੀਤ) (ਏਐੱਨਆਈ) : ਭਾਰਤ 'ਚ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਜਰਮਨੀ ਦੇ ਬਰਲਿਨ 'ਚ ਕਾਂਗਰਸ ਦੇ ਇਕ ਪ੍ਰਦਰਸ਼ਨ 'ਚ ਪਾਕਿਸਤਾਨੀ ਝੰਡੇ ਲਹਿਰਾਏ ਗਏ। ਪਾਕਿਸਤਾਨ ਦਾ ਝੰਡਾ ਲਹਿਰਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਉੱਥੋਂ ਦੇ ਕਾਂਗਰਸ ਦਫ਼ਤਰ ਦਾ ਇਕ ਅਹੁਦੇਦਾਰ ਹੀ ਦੱਸਿਆ ਗਿਆ ਹੈ। ਝੰਡੇ ਨਾਲ ਕਾਂਗਰਸ ਦੇ ਇਸ ਅਹੁਦੇਦਾਰ ਦੀ ਫੋਟੋ ਟਵਿੱਟਰ 'ਤੇ ਵੀ ਸ਼ੇਅਰ ਕੀਤੀ ਗਈ ਹੈ।
ਭਾਜਪਾ ਨੇ ਨੇਤਾ ਸੁਰੇਸ਼ ਨਾਕਹੂਆ ਨੇ ਟਵਿੱਟਰ 'ਤੇ ਫੋਟੋ ਨਾਲ ਪੂਰਾ ਵੇਰਵਾ ਮੁਹੱਈਆ ਕਰਵਾਇਆ ਹੈ। ਉਨ੍ਹਾਂ ਮੁਤਾਬਕ ਇੰਡੀਅਨ ਓਵਰਸੀਜ਼ ਕਾਂਗਰਸ ਨੇ ਬਰਲਿਨ 'ਚ ਤਿੰਨਾਂ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕੀਤੇ ਸਨ। ਇਨ੍ਹਾਂ 'ਚ ਪਾਕਿਸਤਾਨੀ ਝੰਡੇ ਲਹਿਰਾਏ ਗਏ। ਸੁਰੇਸ਼ ਨੇ ਆਪਣੇ ਟਵਿੱਟਰ ਹੈਂਡਲ 'ਤੇ ਪ੍ਰਦਰਸ਼ਨ ਦੀ ਫੋਟੋ ਵੀ ਸ਼ੇਅਰ ਕੀਤੀ ਹੈ ਤੇ ਦੱਸਿਆ ਕਿ ਇਕ ਨੌਜਵਾਨ ਕਾਂਗਰਸੀ ਵਰਕਰ ਚਰਨ ਕੁਮਾਰ ਹੈ, ਦੂਸਰਾ ਦਫ਼ਤਰ ਦਾ ਅਹੁਦੇਦਾਰ ਰਾਜ ਸ਼ਰਮਾ ਹੈ। ਇਨ੍ਹਾਂ ਦੇ ਹੱਥਾਂ 'ਚ ਪਾਕਿਸਤਾਨੀ ਝੰਡਾ ਸੀ।
ਉਧਰ, ਇੰਡੀਅਨ ਓਵਰਸੀਜ਼ ਕਾਂਗਰਸ ਜਰਮਨੀ ਦੇ ਪ੍ਰਧਾਨ ਪ੍ਰਮੋਦ ਕੁਮਾਰ ਨੇ ਇਕ ਬਿਆਨ ਜਾਰੀ ਕਰਦੇ ਹੋਏ ਭਾਜਪਾ ਨੇਤਾ ਦੇ ਬਿਆਨ ਨੂੰ ਗਲਤ ਦੱਸਿਆ ਹੈ ਬਿਆਨ 'ਚ ਕਿਹਾ ਗਿਆ ਹੈ ਕਿ ਰਾਜ ਸ਼ਰਮਾ ਨੌਜਵਾਨ ਨਹੀਂ ਬਲਕਿ 65 ਸਾਲ ਦਾ ਬਜ਼ੁਰਗ ਹੈ। ਉਨ੍ਹਾਂ ਕਿਹਾ ਕਿ ਆਈਓਸੀ ਨੇ ਅਜਿਹਾ ਕੋਈ ਪ੍ਰਰੋਗਰਾਮ ਨਹੀਂ ਕਰਵਾਇਆ।