ਊਧਮਪੁਰ (ਰਾਘਵ) - ਜੰਮੂ-ਕਸ਼ਮੀਰ ਵਿੱਚ ਕਾਂਗਰਸ ਪਾਰਟੀ ਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਵਰਕਰਾਂ ਨੂੰ ਸੰਗਠਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। 27 ਜੂਨ ਨੂੰ ਹੋਣ ਵਾਲੀ ਸਮੀਖਿਆ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਪਾਰਟੀ ਨੇਤਾਵਾਂ ਨੂੰ ਵੱਡਾ ਟਾਸਕ ਦਿੱਤਾ ਹੈ। ਜੰਮੂ-ਕਸ਼ਮੀਰ ਕਾਂਗਰਸ ਇਕਾਈ ਨੇ ਜੰਮੂ ਖੇਤਰ ਦੇ ਪ੍ਰਮੁੱਖ ਜ਼ਿਲ੍ਹਿਆਂ ਵਿਚ ਵਰਕਰਾਂ ਨਾਲ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿੱਥੇ ਕਾਂਗਰਸ ਦੇ ਉਮੀਦਵਾਰ ਭਾਜਪਾ ਨੂੰ ਹਰਾ ਨਹੀਂ ਸਕੇ ਪਰ ਪਾਰਟੀ ਦੇ ਵੋਟ ਹਿੱਸੇ ਵਿਚ ਕਾਫ਼ੀ ਵਾਧਾ ਹੋਇਆ ਹੈ। ਪਾਰਟੀ ਨੇ ਇਹ ਹਦਾਇਤ 23 ਜੂਨ ਤੋਂ 5 ਜੁਲਾਈ ਤੱਕ ਜਾਰੀ ਰੱਖਣ ਲਈ ਕਿਹਾ ਹੈ। ਦਸਣਯੋਗ ਹੈ ਕਿ ਪਾਰਟੀ ਦੇ ਅੰਦਰੂਨੀ ਸੂਤਰਾਂ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਊਧਮਪੁਰ, ਡੋਡਾ, ਕਿਸ਼ਤਵਾੜ, ਬਨਿਹਾਲ, ਰਾਮਬਨ, ਗੋਲ, ਰਿਆਸੀ, ਆਰ.ਐੱਸ.ਪੁਰ, ਸਾਂਬਾ ਅਤੇ ਰਿਆਸੀ ਵਰਗੇ ਜ਼ਿਲਿਆਂ 'ਚ ਵਰਕਰ ਕਾਨਫਰੰਸਾਂ ਕੀਤੀਆਂ ਜਾਣਗੀਆਂ।
ਇਸ ਵਰਕਰ ਕਾਨਫਰੰਸ ਵਿੱਚ ਜੰਮੂ-ਕਸ਼ਮੀਰ ਇਕਾਈ ਦੇ ਮੁਖੀ ਵਿਕਾਰ ਰਸੂਲ ਵਾਨੀ ਤੋਂ ਇਲਾਵਾ ਜੰਮੂ ਅਤੇ ਊਧਮਪੁਰ ਸੀਟਾਂ ਤੋਂ ਲੋਕ ਸਭਾ ਦੇ ਦੋ ਉਮੀਦਵਾਰ ਕ੍ਰਮਵਾਰ ਰਮਨ ਭੱਲਾ ਅਤੇ ਚੌਧਰੀ ਲਾਲ ਸਿੰਘ ਵੀ ਸ਼ਾਮਿਲ ਹੋਣਗੇ। ਜੰਮੂ-ਕਸ਼ਮੀਰ ਦੇ ਏਆਈਸੀਸੀ ਇੰਚਾਰਜ ਭਰਤ ਸਿੰਘ ਸੋਲੰਕੀ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਇਸ ਦਾ ਉਦੇਸ਼ ਵਰਕਰਾਂ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕਰਨਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਨੂੰ ਸੰਗਠਿਤ ਕਰਨਾ ਹੈ। ਪਾਰਟੀ ਸਿਸਟਮ ਨੂੰ ਸਰਗਰਮ ਕਰਨ ਲਈ ਇਹ ਪਹਿਲਾ ਕਦਮ ਹੈ। 27 ਜੂਨ ਨੂੰ ਦਿੱਲੀ ਵਿੱਚ ਰਣਨੀਤੀ ਸੈਸ਼ਨ ਤੋਂ ਬਾਅਦ ਹੋਰ ਮੀਟਿੰਗਾਂ ਕੀਤੀਆਂ ਜਾਣਗੀਆਂ। ਜੰਮੂ-ਕਸ਼ਮੀਰ ਕਾਂਗਰਸ ਦੇ ਸੀਨੀਅਰ ਨੇਤਾ ਰਵਿੰਦਰ ਸ਼ਰਮਾ ਮੁਤਾਬਿਕ ਊਧਮਪੁਰ ਲੋਕ ਸਭਾ ਸੀਟ 'ਤੇ ਪਾਰਟੀ ਦਾ ਵੋਟ ਸ਼ੇਅਰ 31 ਫੀਸਦੀ ਤੋਂ ਵਧ ਕੇ 41 ਫੀਸਦੀ ਹੋ ਗਿਆ, ਜਦਕਿ ਭਾਜਪਾ ਦਾ ਵੋਟ ਸ਼ੇਅਰ ਇਸ ਵਾਰ 61 ਫੀਸਦੀ ਤੋਂ ਘਟ ਕੇ 51 ਫੀਸਦੀ ਰਹਿ ਗਿਆ। ਉਨ੍ਹਾਂ ਕਿਹਾ ਕਿ ਜੰਮੂ ਸੀਟ 'ਤੇ ਵੀ ਕਾਂਗਰਸ ਦਾ ਵੋਟ ਸ਼ੇਅਰ ਕਈ ਗੁਣਾ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਲੋਕ ਸਭਾ ਸੀਟਾਂ 'ਤੇ ਭਾਜਪਾ ਦੀ ਜਿੱਤ ਦਾ ਫਰਕ 3 ਲੱਖ ਤੋਂ ਘਟ ਕੇ 1 ਲੱਖ ਵੋਟਾਂ ਰਹਿ ਗਿਆ ਹੈ। ਉਥੇ ਹੀ ਇਸ ਦੇ ਨਾਲ ਹੀ ਸ਼ਰਮਾ ਨੇ ਅੱਗੇ ਕਿਹਾ ਕਿ ਰਾਜੌਰੀ-ਪੁੰਛ ਖੇਤਰ, ਜੋ ਕਿ ਮੁਸਲਿਮ ਬਹੁਲਤਾ ਵਾਲਾ ਇਲਾਕਾ ਸੀ, ਜੰਮੂ ਸੀਟ ਤੋਂ ਖੋਹ ਲਿਆ ਗਿਆ, ਜੋ ਹੁਣ 90 ਫੀਸਦੀ ਹਿੰਦੂ ਆਬਾਦੀ ਵਾਲਾ ਇਲਾਕਾ ਹੈ।
ਫਿਰ ਵੀ ਬੀਜੇਪੀ ਦਾ ਫਰਕ ਘਟਿਆ ਹੈ ਅਸੀਂ ਚੰਗੀ ਸਥਿਤੀ ਵਿੱਚ ਹਾਂ ਅਤੇ ਥੋੜੀ ਹੋਰ ਮਿਹਨਤ ਨਾਲ ਅਸੀਂ ਨਿਸ਼ਚਿਤ ਤੌਰ 'ਤੇ ਆਉਣ ਵਾਲੀਆਂ ਰਾਜ ਚੋਣਾਂ ਜਿੱਤ ਸਕਦੇ ਹਾਂ। ਕਾਂਗਰਸੀ ਆਗੂ ਨੇ ਕਿਹਾ ਕਿ ਵਰਕਰਾਂ ਦੀਆਂ ਮੀਟਿੰਗਾਂ ਵਿੱਚ ਸਥਾਨਕ ਮੁੱਦੇ ਵੀ ਉਠਾਏ ਜਾਣਗੇ, ਜਿਸ ਨਾਲ ਪਾਰਟੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੀ ਤਿਆਰੀ ਵਿੱਚ ਮਦਦ ਮਿਲੇਗੀ। ਸ਼ਰਮਾ ਨੇ ਕਿਹਾ ਕਿ ਬੇਸ਼ੱਕ ਕੌਮੀ ਮੁੱਦੇ ਹੀ ਰਹਿਣਗੇ ਪਰ ਵਿਧਾਨ ਸਭਾ ਚੋਣਾਂ ਸਥਾਨਕ ਮੁੱਦਿਆਂ 'ਤੇ ਜ਼ਿਆਦਾ ਕੇਂਦਰਿਤ ਹਨ। ਵਿਸ਼ੇਸ਼ ਅਧਿਕਾਰਾਂ, ਬੇਰੁਜ਼ਗਾਰੀ ਅਤੇ ਸਥਾਨਕ ਲੋਕਾਂ ਦੀ ਸੁਰੱਖਿਆ ਤੋਂ ਇਲਾਵਾ ਪੂਰਨ ਰਾਜ ਦਾ ਦਰਜਾ ਬਹਾਲ ਕਰਨਾ ਵੀ ਇੱਕ ਮੁੱਦਾ ਹੈ। ਰਿਆਸੀ ਵਿੱਚ ਵੀ ਵਰਕਰਾਂ ਦੀ ਮੀਟਿੰਗ ਕੀਤੀ ਜਾਵੇਗੀ, ਜਿੱਥੇ ਹਾਲ ਹੀ ਵਿੱਚ ਅੱਤਵਾਦੀ ਹਮਲੇ ਹੋਏ ਸਨ। ਜੰਮੂ ਖੇਤਰ 'ਚ ਕਦੇ ਵੀ ਅੱਤਵਾਦੀ ਹਮਲੇ ਨਹੀਂ ਹੋਏ ਪਰ ਖ਼ਤਰਾ ਇੱਥੇ ਵੀ ਪਹੁੰਚ ਗਿਆ ਹੈ। ਸਰਕਾਰ ਦਾਅਵਾ ਕਰਦੀ ਹੈ ਕਿ ਉਸ ਨੇ ਅੱਤਵਾਦ ਦਾ ਖਾਤਮਾ ਕਰ ਦਿੱਤਾ ਹੈ, ਪਰ ਹਕੀਕਤ ਵੱਖਰੀ ਹੈ।