ਨਿਊਜ਼ ਡੈਸਕ : ਕਾਂਗਰਸ ਹਾਈ ਕਮਾਨ ਪੰਜਾਬ 'ਚ ਨਵੀਂ ਖੋਜ ਕਰ ਰਹੀ ਹੈ। ਇਸ ਤਹਿਤ ਪੰਜਾਬ ਕਾਂਗਰਸ ਦੀ ਕਮਾਨ ਰਾਜਾ ਵੜਿੰਗ ਨੂੰ ਸੌਂਪ ਕੇ ਕਾਂਗਰਸ ਹਾਈਕਮਾਂਡ ਨੇ ਸਿੱਧੂ ਪੱਖੀ ਤੇ ਸਿੱਧੂ ਵਿਰੋਧੀ ਧੜੇ 'ਚ ਵੰਡੀ ਸੂਬਾ ਇਕਾਈ ਨੂੰ ਨਵੀਂ ਦਿਸ਼ਾ 'ਚ ਲਿਜਾਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਵੇਖਣਾ ਹੋਏਗਾ ਕਿ ਹਾਈਕਮਾਨ ਦਾ ਇਹ ਫੈਸਲਾ ਕਾਂਗਰਸ ਨੂੰ ਇੱਕਜੁੱਟ ਕਰਨ 'ਚ ਕਿੰਨਾ ਕੁ ਸਫਲ ਰਹਿੰਦਾ ਹੈ। ਦੂਜੇ ਪਾਸੇ ਵਿਧਾਨ ਸਭਾ ਚੋਣਾਂ 'ਚ ਹਾਰ ਤੋਂ ਕਰੀਬ ਇਕ ਮਹੀਨਾ ਬਾਅਦ ਹਾਈਕਮਾਂਡ ਦੇ ਇਸ ਫੈਸਲੇ ਨੇ ਨਵਜੋਤ ਸਿੱਧੂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਵੱਡਾ ਝਟਕਾ ਦਿੱਤਾ ਹੈ ਕਿਉਂਕਿ ਸੋਨੀਆ ਗਾਂਧੀ ਵੱਲੋਂ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਲੈਣ ਤੋਂ ਬਾਅਦ ਵੀ ਸਿੱਧੂ ਇਨ੍ਹੀਂ ਦਿਨੀਂ ਮੁੜ ਪ੍ਰਧਾਨਗੀ ਹਾਸਲ ਕਰਨ ਲਈ ਲਾਬਿੰਗ ਕਰ ਰਹੇ ਸਨ।
ਉਂਝ ਸਿੱਧੂ ਨੇ ਵੀ ਦਿੱਲੀ ਵਿੱਚ ਹਾਈਕਮਾਨ ਦੀਆਂ ਮੀਟਿੰਗਾਂ ਦੇ ਸਮਾਨਾਂਤਰ ਪੰਜਾਬ ਵਿੱਚ ਆਪਣੇ ਹਮਾਇਤੀ ਵਿਧਾਇਕਾਂ ਤੇ ਆਗੂਆਂ ਨਾਲ ਮੀਟਿੰਗਾਂ ਕਰਕੇ ਤਾਕਤ ਦਾ ਪ੍ਰਦਰਸ਼ਨ ਕੀਤਾ ਸੀ ਪਰ ਇਸ ਵਾਰ ਹਾਈਕਮਾਨ ਨੇ ਸਿੱਧੂ ਨੂੰ ਤਰਜੀਹ ਨਹੀਂ ਦਿੱਤੀ। ਵੀਰਵਾਰ ਨੂੰ ਚੰਡੀਗੜ੍ਹ 'ਚ ਮਹਿੰਗਾਈ ਖਿਲਾਫ ਪੰਜਾਬ ਕਾਂਗਰਸ ਦੇ ਧਰਨੇ ਦੌਰਾਨ ਜਨਤਕ ਤੌਰ 'ਤੇ ਨਵਜੋਤ ਸਿੱਧੂ ਤੇ ਬਰਿੰਦਰ ਢਿੱਲੋਂ ਨੇ ਸੂਬਾ ਕਾਂਗਰਸ ਦੀ ਲੜਾਈ ਨੂੰ ਸੜਕਾਂ 'ਤੇ ਲਿਆਂਦਾ।