ਨਿਊਜ਼ ਡੈਸਕ : Punjab Election 2022 : ਪੰਜਾਬ ਚੋਣਾਂ 2022 ਲਈ ਕਾਂਗਰਸ ਹਾਈਕਮਾਨ ਨੇ ਸੋਮਵਾਰ ਚੋਣ ਕਮੇਟੀਆਂ ਦਾ ਐਲਾਨ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੂੰ ਝਟਕਾ ਦਿੰਦੇ ਹੋਏ ਵਿਰੋਧੀ ਧੜੇ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਹਾਈਕਮਾਨ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੀ ਪ੍ਰਚਾਰ ਕਮੇਟੀ ਦੀ ਚੇਅਰਮੈਨ ਦੀ ਜ਼ਿੰਮੇਦਾਰੀ ਸੁਨੀਲ ਜਾਖੜ ਨੂੰ ਸੌਂਪੀ ਹੈ, ਉਥੇ ਹੀ ਪ੍ਰਤਾਪ ਸਿੰਘ ਬਾਜਵਾ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਕਾਂਗਰਸ ਨੇ ਪੰਜਾਬ ਚੋਣਾਂ ਲਈ ਅੰਬਿਕਾ ਸੋਨੀ ਨੂੰ ਪੰਜਾਬ ਤੇ ਹਾਈਕਮਾਨ 'ਚ ਕੋਆਰਡੀਨੇਸ਼ਨ ਦੀ ਜ਼ਿੰਮੇਵਾਰੀ ਸੌਂਪੀ ਹੈ।ਉਮੀਦਵਾਰਾਂ ਦੀ ਚੋਣ ਲਈ ਬਣਾਈ ਗਈ ਸਕਰੀਨਿੰਗ ਕਮੇਟੀ ਦੀ ਅਗਵਾਈ ਕਾਂਗਰਸ ਦੇ ਜਨਰਲ ਸਕੱਤਰ ਅਜੈ ਮਾਕਨ ਕਰਨਗੇ, ਜਦਕਿ ਚੰਦਨ ਯਾਦਵ ਅਤੇ ਕ੍ਰਿਸ਼ਨਾ ਅਲਵਾਰੂ ਮੈਂਬਰ ਹੋਣਗੇ। ਇਸ ਕਮੇਟੀ 'ਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ, ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਚੋਣ ਪ੍ਰਚਾਰ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਸਕੱਤਰ ਕਾਰਜਕਾਰੀ ਮੈਂਬਰ ਹੋਣਗੇ।
ਸਕਰੀਨਿੰਗ ਕਮੇਟੀ ਟਿਕਟ ਦੇ ਦਾਅਵੇਦਾਰਾਂ ਦੀ ਚੋਣ ਕਰਕੇ ਸੂਚੀ ਦਿੱਲੀ ਭੇਜੇਗੀ, ਜਿਥੇ ਕੇਂਦਰੀ ਚੋਣ ਕਮੇਟੀ ਟਿਕਟ ਦੇ ਦਾਅਵੇਦਾਰਾਂ 'ਤੇ ਆਖਰੀ ਫੈਸਲਾ ਲਵੇਗੀ। ਕੇਂਦਰੀ ਕਮੇਟੀ 'ਚ ਸੋਨੀਆ ਗਾਂਧੀ, ਰਾਹੁਲ ਗਾਂਧੀ ਸਣੇ ਕਾਂਗਰਸ ਦੇ ਕਈ ਵੱਡੇ ਆਗੂ ਸ਼ਾਮਲ ਹਨ।
ਪੰਜਾਬ ਚੋਣਾਂ ਲਈ ਤਿੰਨ ਹੋਰ ਕਮੇਟੀਆਂ ਦਾ ਗਠਨ
ਪੰਜਾਬ ਵਿਧਾਨ ਸਭਾ ਚੋਣਾਂ ਲਈ ਸਕਰੀਨਿੰਗ ਕਮੇਟੀ ਤੋਂ ਇਲਾਵਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਤਿੰਨ ਹੋਰ ਕਮੇਟੀਆਂ ਦਾ ਗਠਨ ਕੀਤਾ ਹੈ। ਪਾਰਟੀ ਦੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਾਲਮੇਲ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਕਾਂਗਰਸ ਦੀ ਜਨਰਲ ਸਕੱਤਰ ਅੰਬਿਕਾ ਸੋਨੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਕਾਫੀ ਕਰੀਬ ਹਨ।