ਨਿਊਜ਼ ਡੈਸਕ : ਕਾਂਗਰਸ ਦੀ ਅਨੁਸ਼ਾਸਨਾਤਮਕ ਕਾਰਵਾਈ ਕਮੇਟੀ ਅਗਲੇ ਕੁਝ ਦਿਨਾਂ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਖ਼ਿਲਾਫ਼ ਕਾਰਵਾਈ ਦੇ ਸੰਦਰਭ ’ਚ ਫ਼ੈਸਲਾ ਕਰ ਸਕਦੀ ਹੈ ਕਿਉਂਕਿ ਅਨੁਸ਼ਾਸਨਹੀਣਤਾ ਦੇ ਦੋਸ਼ਾਂ ’ਤੇ ਉਨ੍ਹਾਂ ਵੱਲੋਂ ਤੈਅ ਮਿਆਦ ਅੰਦਰ ਕੋਈ ਜਵਾਬ ਨਹੀਂ ਆਇਆ। ਕਮੇਟੀ ਨੇ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਾਂਗਰਸ ਦੇ 2 ਸੀਨੀਅਰ ਆਗੂਆਂ ਸੁਨੀਲ ਜਾਖੜ ਤੇ ਕੇਵੀ ਥਾਮਸ ਨੂੰ ਬੀਤੀ 11 ਅਪ੍ਰੈਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਇਕ ਹਫ਼ਤੇ ਅੰਦਰ ਜਵਾਬ ਮੰਗਿਆ ਸੀ।
ਕਮੇਟੀ ਦੇ ਮੈਂਬਰ ਸਕੱਤਰ ਤੇ ਕਾਂਗਰਸ ਜਨਰਲ ਸਕੱਤਰ ਤਾਰਿਕ ਅਨਵਰ ਅਨੁਸਾਰ ਥਾਮਸ ਦਾ ਜਵਾਬ ਮਿਲ ਗਿਆ ਹੈ ਪਰ ਜਾਖੜ ਵੱਲੋਂ ਮੰਗਲਵਾਰ ਤੱਕ ਕੋਈ ਜਵਾਬ ਨਹੀਂ ਆਇਆ। ਇਹ ਪੁੱਛੇ ਜਾਣ ’ਤੇ ਕਿ ਕੀ ਜਾਖੜ ਦੀ ਮੁਅੱਤਲੀ ਜਾਂ ਬਰਖਾਸਤਗੀ ਵੀ ਹੋ ਸਕਦੀ ਹੈ ਤਾਂ ਅਨਵਰ ਨੇ ਕਿਹਾ, ‘‘ਕਾਂਗਰਸ ਦੇ ਸੰਵਿਧਾਨ ਤਹਿਤ ਕਾਰਵਾਈ ਹੋਵੇਗੀ। ਇਸ 'ਚ ਮੁਅੱਤਲੀ ਜਾਂ ਬਰਖਾਸਤਗੀ ਵੀ ਹੋ ਸਕਦੀ ਹੈ ਪਰ ਅੰਤਿਮ ਫ਼ੈਸਲਾ ਕਮੇਟੀ ਦੀ ਬੈਠਕ ਵਿਚ ਹੋਵੇਗਾ।’ ਜਾਖੜ ’ਤੇ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਬਿਆਨ ਦੇਣ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ‘ਇਤਰਾਜ਼ਯੋਗ ਟਿੱਪਣੀ’ ਕਰਨ ਦਾ ਦੋਸ਼ ਹੈ।