ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬਹੁਮਤ ਹਾਸਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਅੰਮ੍ਰਿਤਸਰ ਵਿਖੇ ਪਹੁੰਚੀ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਅੱਜ ਅੰਮ੍ਰਿਤਸਰ ਵਿੱਚ ਵਿਜੇ ਰੋਡ ਸ਼ੋਅ ਕੱਢੇਗੀ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ-ਨਾਲ ਸੂਬੇ ਦੇ ਭਵਿੱਖੀ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਰੋਡ ਸ਼ੋਅ 'ਚ ਸ਼ਾਮਲ ਹੋਣਗੇ ਪਰ ਇਸ ਤੋਂ ਪਹਿਲਾਂ ਕਾਂਗਰਸ ਨੇ ਇਸ ਮਾਰਚ ਨੂੰ ਲੈ ਕੇ ਕੇਜਰੀਵਾਲ 'ਤੇ ਵੱਡਾ ਹਮਲਾ ਕੀਤਾ ਹੈ।
ਦਿੱਲੀ ਕਾਂਗਰਸ ਦੀ ਵਿਧਾਇਕ ਅਲਕਾ ਲਾਂਬਾ ਨੇ ਇਸ ਰੋਡ ਸ਼ੋਅ ਦੇ ਆਯੋਜਨ 'ਚ ਖਰਚ ਕੀਤੇ ਜਾ ਰਹੇ ਪੈਸੇ 'ਤੇ ਨਿਸ਼ਾਨਾ ਸਾਧਿਆ ਹੈ। ਪੰਜਾਬ ਦੇ ਨਵ-ਨਿਯੁਕਤ ਮੁੱਖ ਸਕੱਤਰ ਵੱਲੋਂ ਜਾਰੀ ਹੁਕਮਾਂ ਦੀ ਕਾਪੀ ਦਾ ਸਕਰੀਨ ਸ਼ਾਟ ਲੈਂਦਿਆਂ ਲਿਖਿਆ ਕਿ ਤੁਸੀਂ ਸਿਆਸਤ ਬਦਲਣ ਆਏ ਸੀ…?
'ਆਪ' ਵੱਲੋਂ ਸ਼ੁਰੂ ਕੀਤੀ ਜਨਤਾ ਦੇ ਪੈਸੇ ਦੀ ਲੁੱਟ, ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ 'ਤੇ 15 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਜ਼ਿਲਿਆਂ 'ਚ ਰੋਡ ਸ਼ੋਅ ਕਰਨ ਲਈ 46 ਲੱਖ ਰੁਪਏ ਸਰਕਾਰੀ ਖਜ਼ਾਨੇ 'ਚੋਂ ਮੰਗਵਾਏ ਗਏ ਹਨ।