ਨਿਊਜ਼ ਡੈਸਕ (ਜਸਕਮਲ) : ਪੰਜਾਬ ਕਾਂਗਰਸ ਦੀ ਸਿਆਸਤ 'ਚ ਵੱਡੀ ਹਲਚਲ ਆ ਸਕਦੀ ਹੈ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀਆਂ ਪ੍ਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਰਤ ਭੂਸ਼ਣ ਆਸ਼ੂ ਨਾਲ ਅਚਾਨਕ ਦਿੱਲੀ ਪਹੁੰਚ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਆਗੂ ਰਾਹੁਲ ਗਾਂਧੀ ਨੂੰ ਮਿਲਣ ਦਿੱਲੀ ਗਏ ਹਨ। ਇਹ ਆਗੂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਸਰਕਾਰ ਵਿਰੁੱਧ ਕੀਤੀ ਗਈ ਟਿੱਪਣੀ ਤੋਂ ਨਾਰਾਜ਼ ਹਨ।
ਦੱਸ ਦੇਈਏ ਕਿ ਸਿੱਧੂ ਦੀ ਇਸ ਟਿੱਪਣੀ 'ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਭਾਰਤ ਭੂਸ਼ਣ ਆਸ਼ੂ ਨੇ ਖੁੱਲ੍ਹ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਰੰਧਾਵਾ ਨੇ ਤਾਂ ਸਿੱਧੂ ਨੂੰ ਆਪਣੀ ਜ਼ੁਬਾਨ ਬੰਦ ਰੱਖਣ ਲਈ ਕਿਹਾ। ਰੰਧਾਵਾ ਨੇ ਵੀ ਬੀਤੇ ਦਿਨ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਸਿੱਧੂ ਮਜੀਠੀਆ ਖਿਲਾਫ ਚੱਲ ਰਹੇ ਕੇਸ ਨੂੰ ਲੈ ਕੇ ਝੂਠੀ ਬਿਆਨਬਾਜ਼ੀ ਕਰ ਰਹੇ ਹਨ।
ਸੂਤਰਾਂ ਅਨੁਸਾਰ ਪੰਜਾਬ ਚੋਣਾਂ ਦੇ ਮੱਦੇਨਜ਼ਰ ਇਹ ਆਗੂ ਇਸ ਗੱਲੋਂ ਚਿੰਤਤ ਹਨ ਕਿ ਸਿੱਧੂ ਦੇ ਬਿਆਨਾਂ ਕਾਰਨ ਪਾਰਟੀ ਨੂੰ ਨੁਕਸਾਨ ਉਠਾਉਣਾ ਪਵੇ। ਇਸ ਦੇ ਮੱਦੇਨਜ਼ਰ ਉਹ ਰਾਹੁਲ ਗਾਂਧੀ ਨੂੰ ਮਿਲ ਕੇ ਸਿੱਧੂ ਦੀਆਂ ਟਿੱਪਣੀਆਂ ਬਾਰੇ ਦੱਸਣਾ ਚਾਹੁੰਦੇ ਹਨ। ਸੂਤਰ ਇਹ ਵੀ ਦੱਸਦੇ ਹਨ ਕਿ ਸੁਖਜਿੰਦਰ ਸਿੰਘ ਰੰਧਾਵਾ ਚਾਹੁੰਦੇ ਹਨ ਕਿ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਪਾਰਟੀ ਦੀ ਕਮਾਨ ਉਨ੍ਹਾਂ ਨੂੰ ਸੌਂਪੀ ਜਾਵੇ।