ਨਿਊਜ਼ ਡੈਸਕ : ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਵਿਭਾਗ ਨਾਲ ਸਬੰਧਿਤ ਵੱਖ-ਵੱਖ ਸ਼ਹਿਰਾਂ ਦੀਆਂ ਅਥਾਰਟੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਅਮਨ ਅਰੋੜਾ ਨੇ ਅੱਜ ਇਥੇ ਮੈਰਾਥਨ ਚੱਲੀਆਂ ਮੀਟਿੰਗਾਂ 'ਚ ਪੁੱਡਾ, ਗਮਾਡਾ, ਗਲਾਡਾ, ਪਟਿਆਲਾ ਵਿਕਾਸ ਅਥਾਰਟੀ (PDA), ਬਠਿੰਡਾ ਵਿਕਾਸ ਅਥਾਰਟੀ (BDA) ਤੇ ਟਾਊਨ ਐਂਡ ਕੰਟਰੀ ਪਲਾਨਿੰਗ ਦੇ ਕੰਮਕਾਜ ਦੀ ਸਮੀਖਿਆ ਕੀਤੀ। ਹਰ ਅਥਾਰਟੀ ਨਾਲ ਵੱਖੋ-ਵੱਖ ਕੀਤੀ ਮੀਟਿੰਗ 'ਚ ਸਭ ਤੋਂ ਪਹਿਲਾਂ ਤਾਂ ਸਬੰਧਿਤ ਅਥਾਰਟੀ ਸਬੰਧੀ ਪੇਸ਼ਕਾਰੀ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਪਿਛਲੇ ਕਾਫੀ ਅਰਸੇ ਤੋਂ ਪਿੰਡਾਂ ਅਤੇ ਛੋਟੇ ਸ਼ਹਿਰਾਂ ’ਚੋਂ ਵੱਡੇ ਸ਼ਹਿਰਾਂ ਵੱਲ ਵਸੋਂ ਦਾ ਪ੍ਰਵਾਸ ਹੋਇਆ ਹੈ। ਸ਼ਹਿਰਾਂ ਦੀ ਆਬਾਦੀ ਕਾਫੀ ਵਧ ਗਈ ਹੈ ਪਰ ਸ਼ਹਿਰਾਂ ਵਿੱਚ ਸਹੂਲਤਾਂ ਬਦ ਤੋਂ ਬਦਤਰ ਹੋਈਆਂ ਹਨ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਧੁਨਿਕ ਸਥਿਤੀਆਂ ਦੇ ਮੱਦੇਨਜ਼ਰ ਵਸੋਂ ਨੂੰ ਧਿਆਨ 'ਚ ਰੱਖਦਿਆਂ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ। ਪੰਜਾਬ ਸ਼ਹਿਰੀ ਵਿਕਾਸ ਯੋਜਨਾਬੰਦੀ ਅਧੀਨ ਸ਼ਹਿਰ ਵਾਸੀਆਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਜਿਵੇਂ ਕਿ ਸਾਫ਼-ਸੁਥਰੇ ਪੀਣ ਵਾਲੇ ਪਾਣੀ, ਸੀਵਰੇਜ, ਸਟੀਰਟ ਲਾਈਟਾਂ, ਪਾਰਕਾਂ ਦੇ ਰੱਖ-ਰਖਾਅ ਦੇ ਨਾਲ ਬਰਸਾਤਾਂ ਵਿੱਚ ਮੀਂਹ ਦੇ ਪਾਣੀ ਦੀ ਤੁਰੰਤ ਨਿਕਾਸ ਨੂੰ ਧਿਆਨ 'ਚ ਰੱਖਦਿਆਂ ਕੰਮ ਕੀਤੇ ਜਾਣ।