ਪੱਤਰ ਪ੍ਰੇਰਕ : ਪੰਜਾਬ 'ਚ ਨਸ਼ੇ ਸਮੇਤ ਜ਼ੁਲਮ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ। ਦਿਨ ਦਿਹਾੜੇ ਲੁੱਟ ਖੋਹ ਅਤੇ ਕਤਲ ਵਰਗੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਇਸ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਸਮੀਖਿਆ ਮੀਟਿੰਗ ਕੀਤੀ ਗਈ। ਜਿਸ ਤੋਂ ਬਾਅਦ ਡੀਜੀਪੀ ਪੰਜਾਬ ਗੌਰਵ ਯਾਦਵ ਵਲੋਂ ਪ੍ਰੈਸ ਕਾਨਫਰੰਸ ਕਰਕੇ ਮੁਲਾਕਾਤ ਸਬੰਧੀ ਵੇਰਵੇ ਦਿੱਤੇ ਗਏ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਐਕਸ 'ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ, ਅੱਜ ਪੰਜਾਬ ਦੇ ਸਾਰੇ CP ਤੇ SSP ਨਾਲ ਮੀਟਿੰਗ ਕੀਤੀ ਤੇ ਸਾਰਿਆਂ ਨੂੰ ਨਸ਼ਿਆਂ ਖਿਲਾਫ ਆਰ-ਪਾਰ ਦੀ ਲੜਾਈ ਨੂੰ ਹੋਰ ਤੇਜ਼ ਕਰਨ ਨੂੰ ਕਿਹਾ...ਨਾਲ ਹੀ ਨਸ਼ਿਆਂ 'ਤੇ ਥੱਲਿਓਂ ਸਖ਼ਤਾਈ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਤੇ ਅਫ਼ਸਰਾਂ ਨੂੰ ਲੋਕਾਂ ਵਿਚਕਾਰ ਤੇ ਪਿੰਡਾਂ 'ਚ ਜਾਕੇ ਲੋਕਾਂ ਦੇ ਮਸਲੇ ਹੱਲ ਕਰਨ ਨੂੰ ਕਿਹਾ...ਅਸੀਂ ਚਾਹੁੰਦੇ ਹਾਂ ਕਿ ਸਾਡੇ ਅਫ਼ਸਰ ਬਿਨਾਂ ਕਿਸੇ ਦਬਾਅ ਤੋਂ ਦਿਲੇਰੀ ਨਾਲ ਕੰਮ ਕਰਨ ਤਾਂ ਜੋ ਸਾਢੇ 3 ਕਰੋੜ ਪੰਜਾਬੀ ਮਹਿਫੂਜ਼ ਰਹਿਣ।
ਇਸ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੁਲਿਸ ਦੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਜਿਸ 'ਚ ਉਨ੍ਹਾਂ 15 ਅਗਸਤ ਦੇ ਐਲਾਨ ਨੂੰ ਰੀਵਿਊ ਕੀਤਾ ਗਿਆ ਹੈ ਅਤੇ ਡਰੱਗ 'ਤੇ ਨਕੇਲ ਕੱਸਣ ਨੂੰ ਅੱਗੇ ਵਧਾਇਆ ਜਾਵੇਗਾ ਤੇ ਸਖ਼ਤੀ ਨਾਲ ਮਾਮਲਿਆਂ 'ਚ ਨਜਿੱਠਿਆ ਜਾਵੇਗਾ। ਡੀਜੀਪੀ ਪੰਜਾਬ ਨੇ ਕਿਹਾ ਕਿ ਡਰੱਗ ਦੇ ਮਾਮਲੇ 'ਚ ਤਸਕਰਾਂ ਵਲੋਂ ਬਣਾਈ ਗਈ ਕਰੋੜਾਂ ਦੀ ਜ਼ਾਇਦਾਦ ਨੂੰ ਪੁਲਿਸ ਵਲੋਂ ਸੀਜ ਕੀਤਾ ਜਾਵੇਗਾ ਅਤੇ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਹਰ ਇੱਕ ਜ਼ਿਲ੍ਹੇ ਦੇ ਐਸਐਸਪੀ ਦੀ ਨਸ਼ੇ ਦੇ ਮਾਮਲਿਆਂ 'ਚ ਕਾਰਵਾਈ ਵੀ ਦੇਖੀ ਜਾਵੇਗੀ, ਜੋ ਉਸ ਦੀ ਕਾਰਗੁਜ਼ਾਰੀ ਦਿਖਾਏਗੀ।
ਇਸ ਦੇ ਨਾਲ ਹੀ ਡੀਜੀਪੀ ਪੰਜਾਬ ਨੇ ਦੱਸਿਆ ਕਿ ਪਬਲਿਕ ਡੀਲਿੰਗ ਸਬੰਧੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਐਸਐਸਪੀ ਹਰ ਰੋਜ਼ ਇੱਕ ਥਾਣੇ ਦੇ ਲੋਕਾਂ ਨੂੰ ਮਿਲਣ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਜਾਣੀਆਂ ਜਾ ਸਕਣ ਅਤੇ ਕਾਰਵਾਈ ਕੀਤੀ ਜਾ ਸਕੇ ਅਤੇ ਥਾਣਿਆਂ ਵਿੱਚ ਲੋਕਾਂ ਦਾ ਸਵਾਗਤ ਕੀਤਾ ਜਾਵੇ। ਇਸ ਦੇ ਨਾਲ ਹੀ ਡੀਜੀਪੀ ਪੰਜਾਬ ਨੇ ਦੱਸਿਆ ਕਿ ਮੁੱਖ ਮੰਤਰੀ ਮਾਨ ਵਲੋਂ ਅਫ਼ਸਰਾਂ ਨੂੰ ਲੋਕਾਂ ਵਿਚਕਾਰ ਤੇ ਪਿੰਡਾਂ 'ਚ ਜਾਕੇ ਲੋਕਾਂ ਦੇ ਮਸਲੇ ਹੱਲ ਕਰਨ ਨੂੰ ਕਿਹਾ ਗਿਆ ਹੈ।
ਥਾਣੇਦਾਰ ਅਤੇ ਡੀ.ਐਸ.ਪੀ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਤਾਂ ਜੋ ਕਾਰਵਾਈ ਸਖ਼ਤ ਹੋਵੇ। ਇਸ ਦੇ ਨਾਲ ਹੀ ਧਮਕੀ ਭਰੇ ਫੋਨ ਕਾਲਾਂ 'ਤੇ ਵੀ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਐਕਸ਼ਨ ਲੈਣ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਵਾਰਦਾਤ ਤੋਂ ਪਹਿਲਾਂ ਹੀ ਸਮਾਂ ਰਹਿੰਦੇ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਸਕੇ। ਫਿਰੌਤੀ ਸਬੰਧੀ 171 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਮੁੱਖ ਮੰਤਰੀ ਨੇ ਕਿਹਾ ਕਿ ਅਜੇ ਵੀ ਕਾਲਾਂ ਆ ਰਹੀਆਂ ਹਨ ਜਿਨ੍ਹਾਂ ਨੂੰ ਤੁਰੰਤ ਸੁਰੱਖਿਆ ਦੀ ਲੋੜ ਹੈ।
ਡੀਜੀਪੀ ਪੰਜਾਬ ਨੇ ਦੱਸਿਆ ਕਿ ਗੈਰ ਕਾਨੂੰਨੀ ਮਾਈਨਿੰਗ ਨੂੰ ਲੈਕੇ ਵੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹਦਾਇਤ ਦਿੱਤੀ ਗਈ ਹੈ। ਜਿਸ 'ਚ ਉਨ੍ਹਾਂ ਕਿਹਾ ਕਿ ਮਾਈਨਿੰਗ 'ਚ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਨਾਜਾਇਜ਼ ਮਾਈਨਿੰਗ ਨੂੰ ਰੋਕਿਆ ਜਾਵੇਗਾ ਤੇ ਇਸ 'ਚ ਕੰਮ ਕਰਨ ਵਾਲਿਆਂ 'ਤੇ ਮਾਮਲਾ ਦਰਜ ਕਰਕੇ ਅੰਦਰ ਸੁੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪੁਲਿਸ ਅਧਿਕਾਰੀ ਜਾਂ ਮੁਲਾਜ਼ਮ ਨਾਜਾਇਜ਼ ਮਾਈਨਿੰਗ 'ਚ ਜੁੜਿਆ ਪਾਇਆ ਗਿਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।।