ਨਿਊਜ਼ ਡੈਸਕ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿਰੋਧੀ ਪਾਰਟੀਆਂ ਦੇ ਆਗੂਆਂ ’ਤੇ ਵਰ੍ਹਦਿਆਂ ਉਨ੍ਹਾਂ ਨੂੰ ਸਰਕਾਰ ਵੱਲੋਂ ਹਾਲ ਹੀ ’ਚ ਲਏ ਇਤਿਹਾਸਕ ਫ਼ੈਸਲਿਆਂ ਦੀ ਨਿੰਦਾ ਤੇ ਸਿਆਸਤ ਤੋਂ ਪ੍ਰੇਰਿਤ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਲਈ ਕਿਹਾ। ਇਕ ਵੀਡੀਓ ਸੰਦੇਸ਼ ’ਚ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿਹਤ ਤੇ ਸਿੱਖਿਆ ਦੇ ਖੇਤਰਾਂ ਨੂੰ ਦਿੱਲੀ ਮਾਡਲ ’ਤੇ ਮੁੜ ਸੁਰਜੀਤ ਕਰਨ ਲਈ ਉਨ੍ਹਾਂ ਦੀ ਸਰਕਾਰ ਦੀਆਂ ਹਾਲੀਆ ਪਹਿਲਕਦਮੀਆਂ ਵਿਰੁੱਧ ਭੰਡੀ ਪ੍ਰਚਾਰ ਕਰਨ ਲਈ ਝਾੜ ਪਾਈ। ਸੁਖਬੀਰ ਬਾਦਲ ਨੂੰ ਨਸੀਹਤ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, “ਉਸਾਰੂ ਆਲੋਚਨਾ ਦਾ ਹਮੇਸ਼ਾ ਸਵਾਗਤ ਕੀਤਾ ਜਾਂਦਾ ਹੈ ਪਰ ਸਿਰਫ਼ ਆਲੋਚਨਾ ਅਤੇ ਸਿਆਸੀ ਹੋਂਦ ਬਚਾਉਣ ਲਈ ਆਲੋਚਨਾ ਕਰਨਾ ਬਹੁਤ ਹੀ ਨਿੰਦਣਯੋਗ ਹੈ।” ਭਗਵੰਤ ਮਾਨ ਨੇ ਅਫਸੋਸ ਜ਼ਾਹਿਰ ਕੀਤਾ ਕਿ ਅਕਾਲੀ ਦਲ, ਦਿੱਲੀ ਸਰਕਾਰ ਨਾਲ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ‘ਨਾਲੇਜ ਸ਼ੇਅਰਿੰਗ ਐਗਰੀਮੈਂਟ’ (ਕੇ.ਐੱਸ.ਏ.) ਨੂੰ ਲੈ ਕੇ ਬੇਲੋੜਾ ਰੌਲਾ-ਰੱਪਾ ਪਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ 44 ਸਾਲਾਂ ਤੱਕ ਪੰਜਾਬ 'ਤੇ ਰਾਜ ਕਰਨ ਵਾਲੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਦੀ ਭਲਾਈ ਅਤੇ ਸੂਬੇ ਦੀ ਖੁਸ਼ਹਾਲੀ ਲਈ ਕੋਈ ਠੋਸ ਕੰਮ ਕੀਤਾ ਹੁੰਦਾ ਤਾਂ ਸਾਨੂੰ ਅੱਜ ਇਹ ਕੁਝ ਨਾ ਕਰਨਾ ਪੈਂਦਾ। ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਘੱਟੋ-ਘੱਟ ਕੁਝ ਸਮਾਂ ਸਬਰ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਝੋਨੇ ਦੀ ਪਰਾਲੀ ਤੋਂ ਬਿਜਲੀ ਦਾ ਉਤਪਾਦਨ ਕਰਨ ਲਈ ਸਹਿਯੋਗ ਵਾਸਤੇ ਚੀਨ ਗਏ ਸਨ ਅਤੇ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਕੈਨੇਡਾ ਦੇ ਓਂਟਾਰੀਓ ਸੂਬੇ ਨਾਲ ਵੱਖ-ਵੱਖ ਖੇਤਰਾਂ ’ਚ ਕਈ ਸਮਝੌਤੇ ਕੀਤੇ ਸਨ।
ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸਿਆਸੀ ਸ਼ਹਿ ਲਈ ਬੇਬੁਨਿਆਦ ਦੋਸ਼ ਲਾਉਣ ਤੋਂ ਗੁਰੇਜ਼ ਕਰਨ ਲਈ ਕਿਹਾ ਅਤੇ ਉਨ੍ਹਾਂ ਨੂੰ ਉਹ ਵੇਲਾ ਯਾਦ ਦਿਵਾਇਆ ਜਦੋਂ ਉਨ੍ਹਾਂ ਦੀ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਆਪਣੇ ਵਿਦੇਸ਼ੀ ਮਹਿਮਾਨ ਦੇ ਕਹਿਣ 'ਤੇ ਮੁੱਖ ਸਕੱਤਰ, ਡੀਜੀਪੀ ਵਰਗੇ ਸਿਖਰਲੇ ਅਧਿਕਾਰੀਆਂ ਅਤੇ ਉੱਚ ਅਧਿਕਾਰੀਆਂ ਦੀਆਂ ਤਾਇਨਾਤੀਆਂ ਅਤੇ ਤਬਾਦਲਿਆਂ ਦੇ ਹੁਕਮ ਦੇ ਰਹੇ ਸਨ।