ਪੱਤਰ ਪ੍ਰੇਰਕ : ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੀਆਂ ਕਿਸਾਨ ਜਥੇਬੰਦੀਆਂ ਸਬੰਧੀ ਪੰਜਾਬ ਦੇ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਸੀ.ਐਮ. ਮਾਨ ਨੇ ਟਵੀਟ ਕਰ ਕੇ ਕਿਸਾਨ ਜਥੇਬੰਦੀਆਂ ਨੂੰ ਕਿਹਾ, 'ਮੈਂ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਹਰ ਮੁੱਦੇ 'ਤੇ ਸੜਕਾਂ 'ਤੇ ਜਾਮ ਲਗਾ ਕੇ ਆਮ ਲੋਕਾਂ ਨੂੰ ਆਪਣੇ ਵਿਰੁੱਧ ਨਾ ਕਰੋ । ਸਰਕਾਰ ਨਾਲ ਗੱਲ ਕਰਨ ਲਈ ਚੰਡੀਗੜ੍ਹ ਦਾ ਪੰਜਾਬ ਭਵਨ, ਸਕੱਤਰੇਤ, ਖੇਤੀ ਮੰਤਰੀ ਦਾ ਦਫਤਰ ਤੇ ਮੇਰਾ ਦਫਤਰ ਤੇ ਘਰ ਹੈ.. ਨਾ ਕਿ ਸੜਕਾਂ… ਜੇਕਰ ਇਹੀ ਰਵੱਈਆ ਰਿਹਾ ਤਾਂ ਉਹ ਦਿਨ ਦੂਰ ਨਹੀਂ ਕਿ ਜਦੋਂ ਤੁਹਾਨੂੰ ਧਰਨੇ ਲਈ ਲੋਕ ਨਹੀਂ ਮਿਲਣੇ, ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੋ।
ਦੱਸ ਦੇਈਏ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਨੋਵਾਲੀ ਨੇੜੇ ਨੈਸ਼ਨਲ ਹਾਈਵੇਅ 'ਤੇ ਧਰਨਾ ਦਿੱਤਾ ਹੈ। ਇਸ ਹੜਤਾਲ ਕਾਰਨ ਹਜ਼ਾਰਾਂ ਲੋਕ ਟ੍ਰੈਫਿਕ ਜਾਮ ਵਿੱਚ ਫਸੇ ਰਹੇ। ਮਰੀਜ਼ਾਂ ਨੂੰ ਲਿਜਾਣ ਵਾਲੀਆਂ ਐਂਬੂਲੈਂਸਾਂ ਵੀ ਜਾਮ ਵਿੱਚ ਫਸੀਆਂ ਰਹੀਆਂ। ਟ੍ਰੈਫਿਕ ਜਾਮ ਕਾਰਨ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬੱਸਾਂ ਵੀ ਸਟੈਂਡ ਤੋਂ ਬਾਹਰ ਨਹੀਂ ਨਿਕਲ ਸਕੀਆਂ। ਫਗਵਾੜਾ ਵੱਲ ਜਾਣ ਵਾਲੇ ਲੋਕਾਂ ਨੂੰ ਕੈਂਟ ਰੋਡ ਤੋਂ ਲੰਘਣਾ ਪਿਆ ਪਰ ਅੱਗੇ ਜਾ ਕੇ ਉਹ ਫਿਰ ਜਾਮ ਵਿੱਚ ਫਸ ਗਏ। ਜਾਮ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ।