ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਘਰ ’ਤੇ ਹੋਏ ਹਮਲੇ ਨੂੰ ਲੈ ਕੇ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਕੱਲ ਮੇਰੇ ਘਰ ’ਤੇ ਹਮਲਾ ਹੋਇਆ। ਮੈਂ ਮਹੱਤਵਪੂਰਨ ਨਹੀਂ ਹਾਂ, ਇਸ ਦੇਸ਼ ਦਾ ਆਮ ਨਾਗਰਿਕ ਹਾਂ। ਦੇਸ਼ ਲਈ ਮੇਰੀ ਜਾਨ ਵੀ ਹਾਜ਼ਰ ਹੈ। ਇਸ ਤਰ੍ਹਾਂ ਦੀ ਗੁੰਡਾਗਰਦੀ ਸਹੀ ਨਹੀਂ ਹੈ।
ਇਸ ਤਰ੍ਹਾਂ ਨਾਲ ਦੇਸ਼ ਅੱਗੇ ਨਹੀਂ ਵੱਧਣ ਵਾਲਾ। ਜੇਕਰ ਸਾਨੂੰ 21ਵੀਂ ਸਦੀ ਦਾ ਭਾਰਤ ਬਣਾਉਣਾ ਹੈ ਤਾਂ ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਗੰਦੀ ਰਾਜਨੀਤੀ ਕਰ ਕੇ ਦੇਸ਼ ਅੱਗੇ ਨਹੀਂ ਵਧੇਗਾ।ਕੇਜਰੀਵਾਲ ਨੇ ਕਿਹਾ ਕਿ ਜੇਕਰ ਸੱਤਾ ’ਚ ਬੈਠੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਅਜਿਹੀ ਰਾਜਨੀਤੀ ਕਰੇਗੀ ਤਾਂ, ਇਸ ਦਾ ਲੋਕਾਂ ਖ਼ਾਸ ਕਰ ਕੇ ਨੌਜਵਾਨਾਂ ’ਚ ਮਾੜਾ ਸੰਦੇਸ਼ ਜਾਵੇਗਾ।
ਭਾਜਪਾ ਦੀ ਯੁਵਾ ਇਕਾਈ ਨੇ ‘ਦਿ ਕਸ਼ਮੀਰ ਫਾਈਲਸ’ ਫਿਲਮ ’ਤੇ ਕੇਜਰੀਵਾਲ ਦੀ ਟਿੱਪਣੀ ਖਿਲਾਫ ਪ੍ਰਦਰਸ਼ਨ ਕਰ ਕੇ ਉਨ੍ਹਾਂ ਦੇ ਘਰ ਦੇ ਬਾਹਰ ਜਾਇਦਾਦ ’ਤੇ ਭੰਨ-ਤੋੜ ਕਰ ਕੇ ਨੁਕਸਾਨ ਪਹੁੰਚਾਇਆ ਸੀ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੋਸ਼ ਲਾਇਆ ਸੀ ਕਿ ਪੰਜਾਬ ਚੋਣਾਂ ’ਚ ਹਾਰ ਤੋਂ ਨਾਰਾਜ਼ ਭਾਜਪਾ ਕੇਜਰੀਵਾਲ ਨੂੰ ‘ਮਾਰਨਾ’ ਚਾਹੁੰਦੀ ਹੈ। ਓਧਰ ਦਿੱਲੀ ਪੁਲਿਸ ਨੇ ਇੱਥੇ ਕੇਜਰੀਵਾਲ ਦੇ ਘਰ ’ਤੇ ਭੰਨ-ਤੋੜ ਦੇ ਸਬੰਧ ’ਚ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।