ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਵਾਰ-ਵਾਰ ਸਿਆਸੀ ਵਿਸ਼ਲੇਸ਼ਣ ਕਰਨ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਕੇਜਰੀਵਾਲ ਦਾ ਕਹਿਣਾ ਹੈ ਕਿ "ਚੰਨੀ ਨੂੰ ਦੋਵਾਂ ਸੀਟਾਂ ਤੋਂ ਹਾਰ ਹੀ ਨਸੀਬ ਹੋਵੇਗੀ"। ਚੰਨੀ ਨੇ ਕਿਹਾ ਕਿ ਕੇਜਰੀਵਾਲ ਦਾ ਇਹ ਡਰਾਮਾ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਜਦੋਂ-ਜਦੋਂ ਚੋਣਾਂ ਹੁੰਦੀਆਂ ਰਹੀਆਂ ਹਨ, ਉਹ ਇਸੇ ਤਰ੍ਹਾਂ ਹੀ ਡਰਾਮੇ ਕਰਦਾ ਰਿਹਾ ਹੈ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਕ ਸਮੇਂ ਜਦੋਂ ਕੇਜਰੀਵਾਲ ਨੇ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਮੋਦੀ ਖਿਲਾਫ ਚੋਣ ਲੜੀ ਸੀ ਤਾਂ ਇਹ ਟਵੀਟ ਕੀਤਾ ਸੀ ਕਿ ਮੋਦੀ ਚੋਣ ਹਾਰ ਰਹੇ ਹਨ। ਮੁੱਖ ਮੰਤਰੀ ਚੰਨੀ ਨੇ ਕੇਜਰੀਵਾਲ ਦੇ ਪੁਰਾਣੇ ਟਵੀਟਾ ਨੂੰ ਆਪਣੇ ਟਵੀਟ ਦੇ ਨਾਲ ਨੱਥੀ ਕਰਦੇ ਹੋਏ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਚ ਕੇਜਰੀਵਾਲ ਨੇ ਕਿਹਾ ਸੀ ਕਿ ਮੋਦੀ ਮੈਜਿਕ ਫੇਲ ਹੋ ਗਿਆ ਹੈ ਅਤੇ ਦਿੱਲੀ ਚ 7 ਸੀਟਾਂ ਚੋ 5 ਸੀਟਾਂ ਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ। ਚੰਨੀ ਨੇ ਕਿਹਾ ਕਿ ਕੇਜਰੀਵਾਲ ਦਾ ਰਾਜਨੀਤਕ ਵਿਸ਼ਲੇਸ਼ਣ ਹਮੇਸ਼ਾਂ ਗਲਤ ਹੀ ਸਾਬਿਤ ਹੋਇਆ ਹੈ।
ਕਦੇ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਕਿਹਾ ਸੀ ਕਿ ਉਹ ਵੀ ਚੋਣਾਂ ਚ ਹਾਰ ਰਹੇ ਹਨ। ਹੁਣ ਉਹ ਵਿਧਾਨ ਸਭਾ ਚੋਣਾਂ ਚ ਉਨ੍ਹਾਂ ਨੂੰ ਦੋਵਾਂ ਸੀਟਾਂ ਤੇ ਹਾਰਣ ਦਾ ਵਿਸ਼ਲੇਸ਼ਣ ਪੇਸ਼ ਕਰ ਰਹੇ ਹਨ। ਚੰਨੀ ਨੇ ਕਿਹਾ ਹੈ ਕਿ ਕੇਜਰੀਵਾਲ ਦਾ ਝੂਠ ਸਾਹਮਣੇ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕੇਜਰੀਵਾਲ ਬਾਰੇ ਕਿਹਾ ਕਿ ਉਹ ਘੱਟ ਤੋਂ ਘੱਟ 51,000 ਝੂਠ ਤਾਂ ਹੁਣ ਤੱਕ ਬੋਲ ਹੀ ਚੁੱਕੇ ਹਨ।