ਮੰਡੀ (ਸਾਹਿਬ) - ਹਿਮਾਚਲ 'ਚ ਬੱਦਲ ਫਟਣ ਦੀਆਂ ਦੋ ਵੱਖ ਵੱਖ ਘਟਨਾਵਾਂ ਵਿਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਲਗਪਗ 50 ਜਣੇ ਲਾਪਤਾ ਦੱਸੇ ਜਾਂਦੇ ਹਨ। ਭਾਰੀ ਮੀਂਹ ਨਾਲ ਕਈ ਘਰ ਤੇ ਸੜਕਾਂ ਰੁੜ੍ਹ ਗਈਆਂ ਤੇ ਦੋ ਪਣਬਿਜਲੀ ਪ੍ਰਾਜੈਕਟਾਂ ਨੂੰ ਨੁਕਸਾਨ ਪੁੱਜਾ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਹੰਗਾਮੀ ਬੈਠਕ ਕਰਕੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਸ਼ਿਮਲਾ ਦੇ ਐੱਸਪੀ ਸੰਜੀਵ ਕੁਮਾਰ ਗਾਂਧੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਸ਼ਿਮਲਾ ਦੀ ਰਾਮਪੁਰ ਸਬ-ਡਿਵੀਜ਼ਨ ਵਿਚ ਸਮਾਗ ਖੁੱਡ ਵਿਚ ਬੱਦਲ ਫਟਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ 28 ਹੋਰ ਲਾਪਤਾ ਹਨ। ਦੋ ਵਿਅਕਤੀਆਂ ਨੂੰ ਮੌਕੇ ਉੱਤੇ ਬਚਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਅਨੁਪਮ ਕਸ਼ਯਪ ਨੇ ਕਿਹਾ ਕਿ ਬੱਦਲ ਫਟਣ ਦੀ ਘਟਨਾ ਵੱਡੇ ਤੜਕੇ ਇਕ ਵਜੇ ਦੇ ਕਰੀਬ ਦੀ ਹੈ। ਉਨ੍ਹਾਂ ਕਿਹਾ ਕਿ ਸੜਕਾਂ ਰੁੜ੍ਹਨ ਕਰਕੇ ਰਾਹਤ ਕਾਰਜ ਚੁਣੌਤੀਪੂਰਨ ਬਣ ਗਏ ਹਨ। ਮਾਲੀਆ ਮੰਤਰੀ ਜਗਤ ਸਿੰਘ ਨੇਗੀ ਨੇ ਕਿਹਾ ਕਿ ਸੂਬੇ ਵਿਚ ਭਾਰੀ ਮੀਂਹ ਤੇ ਬੱਦਲ ਫਟਣ ਕਰਕੇ ਵੱਡਾ ਨੁਕਸਾਨ ਹੋਇਆ ਹੈ। ਪ੍ਰਭਾਵਿਤ ਖੇਤਰਾਂ ਵਿਚ ਸੜਕੀ ਸੰਪਰਕ ਟੁੱਟ ਗਿਆ ਹੈ। ਚਾਰ ਪੁਲ ਤੇ ਫੁੱਟਬ੍ਰਿਜ ਰੁੜ੍ਹ ਗਏ ਤੇ ਰਾਹਤ ਕਾਰਜ ਤੇਜ਼ੀ ਨਾਲ ਜਾਰੀ ਹਨ। ਸੇਬ ਦੀ ਫਸਲ ਵੀ ਨੁਕਸਾਨੀ ਗਈ ਹੈ।
ਮੌਕੇ ’ਤੇ ਪੁੱਜੇ ਡੀਸੀ ਤੇ ਐੱਸਪੀ ਨੇ ਕਿਹਾ ਕਿ ਐੱਨਡੀਆਰਐੱਫ, ਆਈਟੀਬੀਪੀ, ਪੁਲੀਸ ਤੇ ਹੋਮ ਗਾਰਡਜ਼ ਦੀਆਂ ਟੀਮਾਂ ਨੇ ਰਾਹਤ ਕਾਰਜ ਵਿੱਢ ਦਿੱਤੇ ਹਨ ਤੇ ਲਾਪਤਾ ਵਿਅਕਤੀਆਂ ਦਾ ਖੁਰਾ-ਖੋਜ ਲਾਉਣ ਲਈ ਡਰੋਨਾਂ ਦੀ ਮਦਦ ਲਈ ਜਾ ਰਹੀ ਹੈ। ਦੱਸ ਦਈਏ ਕਿ ਕੁੱਲੂ ਦੇ ਭੁੰਤਰ ਵਿਚ ਲੋਕਾਂ ਨੂੰ ਚੌਕਸ ਕਰ ਦਿੱਤਾ ਹੈ ਕਿਉਂਕਿ ਪਾਰਵਤੀ ਨਦੀ ਤੇ ਮਲਾਨਾ ਖੁੱਡ ਵਿਚ ਪਾਣੀ ਦਾ ਪੱਧਰ ਵੱਧ ਗਿਆ ਹੈ, ਜਿਸ ਨਾਲ ਮਲਾਨਾ 1 ਤੇ ਮਲਾਨਾ 2 ਪਣਬਿਜਲੀ ਪ੍ਰਾਜੈਕਟ ਨੁਕਸਾਨੇ ਗਏ ਹਨ। ਢਿੱਗਾਂ ਡਿੱਗਣ ਕਰਕੇ ਮਨਾਲੀ-ਚੰਡੀਗੜ੍ਹ ਕੌਮੀ ਸ਼ਾਹਰਾਹ ਉੱਤੇ ਕਈ ਥਾਵਾਂ ’ਤੇ ਬੰਦ ਹੋ ਗਿਆ ਹੈ ਤੇ ਮੰਡੀ ਦੇ ਪੰਡੋਹ ਵਿਚ ਬਿਆਸ ਦਰਿਆ ਦਾ ਪਾਣੀ ਘਰਾਂ ਵਿਚ ਦਾਖ਼ਲ ਹੋ ਗਿਆ। ਕਈ ਲੋਕ ਲਾਪਤਾ ਹਨ ਅਤੇ ਘਰ ਤੇ ਦੁਕਾਨਾਂ ਹੜ੍ਹ ਗਈਆਂ। ਪ੍ਰਭਾਵਿਤ ਇਲਾਕਿਆਂ ਵਿਚ ਸਾਰੀਆਂ ਸਿੱਖਿਆ ਸੰਸਥਾਵਾ ਬੰਦ ਕਰ ਦਿੱਤੀਆਂ ਗਈਆਂ ਹਨ।