ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਪਾਣੀ ਅੰਦਰ ਪਰਮਾਣੂ ਹਮਲਾ ਕਰਨ 'ਚ ਖ਼ੁਦ ਨੂੰ ਸਮਰੱਥ ਬਦਾਉਣ ਲਈ ਚੀਨ ਲਗਾਤਾਰ ਚੁੱਪ-ਚੁਪੀਤੇ ਢੰਗ ਨਾਲ ਤਿਆਰੀਆਂ ਕਰ ਰਿਹਾ ਹੈ। ਆਉਣ ਵਾਲੇ ਦਿਨਾਂ 'ਚ ਉਹ ਸਮੁੰਦਰ ਦੇ ਅੰਦਰ ਪਰਮਾਣੂ ਪ੍ਰੀਖਣ ਵੀ ਕਰ ਸਕਦਾ ਹੈ। ਇਸ ਨਾਲ ਜ਼ਮੀਨ 'ਤੇ ਮੌਜੂਦ ਆਪਣੇ ਪਰਮਾਣੂ ਜ਼ਖ਼ੀਰੇ 'ਤੇ ਹਮਲੇ ਦੀ ਸੂਰਤ 'ਚ ਚੀਨ ਪਾਣੀ ਦੇ ਅੰਦਰ ਮੌਜੂਦ ਪਰਮਾਣੂ ਤਾਕਤ ਦਾ ਜ਼ਿਆਦਾ ਵਿਸ਼ਵਾਸ ਨਾਲ ਇਸਤੇਮਾਲ ਕਰ ਸਕੇਗਾ। ਅਮਰੀਕਾ ਨੂੰ ਇਹ ਜਾਣਕਾਰੀ ਉਪ ਗ੍ਰਹਿ ਤੋਂ ਪ੍ਰਾਪਤ ਤਸਵੀਰਾਂ ਤੋਂ ਮਿਲੀ ਹੈ।
ਪਤਾ ਲੱਗਿਆ ਹੈ ਕਿ ਚੀਨ ਦੂਜੇ ਬਦਲਾਂ ਦੇ ਜ਼ਰੀਏ ਪਰਮਾਣੂ ਹਥਿਆਰਾਂ ਦੇ ਇਸਤੇਮਾਲ 'ਚ ਮੁਹਾਰਤ ਹਾਸਲ ਕਰਨ ਲਈ ਕੰਮ ਕਰ ਰਿਹਾ ਹੈ। ਜ਼ਮੀਨ ਤੋਂ ਬੈਲੇਸਟਿਕ ਮਿਜ਼ਾਈਲ ਦੇ ਜ਼ਰੀਏ ਪਰਮਾਣੂ ਹਮਲਾ ਕਰਨ ਦੇ ਨਾਲ ਹੀ ਚੀਨ ਪਣਡੁੱਬੀ 'ਤੇ ਤਾਇਨਾਤ ਬੈਲੇਸਟਿਕ ਮਿਜ਼ਾਈਲ ਨਾਲ ਵੀ ਪਰਮਾਣੂ ਹਮਲਾ ਕਰਨ 'ਚ ਖ਼ੁਦ ਨੂੰ ਸਮਰੱਥ ਬਣਾਉਣਾ ਚਾਹੁੰਦਾ ਹੈ। ਇਸ ਲਈ ਨੇੜਲੇ ਭਵਿੱਖ 'ਚ ਉਹ ਪਾਣੀ ਦੇ ਅੰਦਰ ਪਰਮਾਣੂ ਪ੍ਰੀਖਣ ਕਰ ਸਕਦਾ ਹੈ। ਸੈਟੇਲਾਈਟ ਤਸਵੀਰਾਂ ਤੋਂ ਪਤਾ ਲੱਗਿਆ ਹੈ ਕਿ ਦੱਖਣੀ ਚੀਨ ਦੇ ਫ਼ੌਜੀ ਅੱਡੇ 'ਤੇ ਇਸ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਹਨ।
ਇੱਥੇ ਮੌਜੂਦ ਗੁਦਾਮ ਤੋਂ ਬੈਲੇਸਟਿਕ ਮਿਜ਼ਾਈਲਾਂ ਨੂੰ ਨੇੜੇ ਦੇ ਸਮੁੰਦਰੀ ਕੰਢੇ 'ਤੇ ਪਹੁੰਚਾਇਆ ਜਾ ਰਿਹਾ ਹੈ। ਚੀਨ ਪਾਣੀ ਦੇ ਅੰਦਰੋਂ ਪਰਮਾਣੂ ਹਮਲੇ ਦੀ ਸਮਰੱਥਾ ਵਿਕਸਤ ਕਰਕੇ ਅਮਰੀਕਾ ਅਤੇ ਰੂਸ ਦੀ ਬਰਾਬਰੀ ਕਰਨਾ ਚਾਹੁੰਦਾ ਹੈ। ਰਾਇਟਰ ਦੀ ਵਿਸ਼ੇਸ਼ ਰਿਪੋਰਟ ਦ ਚਾਈਨਾ ਚੈਲੇਂਜ 'ਚ ਦੱਸਿਆ ਗਿਆ ਕਿ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਇੱਛਾ ਏਸ਼ੀਆ ਮਹਾਦੀਪ 'ਚ ਅਮਰੀਕਾ ਦੀ ਫ਼ੌਜੀ ਤਾਕਤ ਨੂੰ ਚੁਣੌਤੀ ਦੇਣ ਦੀ ਹੈ। ਇਸ ਲਈ ਉਹ ਚੀਨ ਦੀ ਨੇਵੀ ਤਾਕਤ 'ਚ ਵਾਧਾ ਕਰਨ 'ਚ ਜੁਟੇ ਹੋਏ ਹਨ। ਵਿਸ਼ੇਸ਼ ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਪ੍ਰਸ਼ਾਂਤ ਮਹਾਸਾਗਰ ਖੇਤਰ 'ਚ ਚੀਨ ਕਿਸ ਤਰ੍ਹਾਂ ਲਗਾਤਾਰ ਆਪਣੀਆਂ ਗਤੀਵਿਧੀਆਂ ਵਧਾ ਰਿਹਾ ਹੈ।