ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਚੀਨ ਨੇ ਕੈਨੇਡਾ ਨੂੰ ਧਮਕੀ ਦਿਤੀ ਹੈ ਕਿ ਦੋਹਾਂ ਮੁਲਕਾਂ ਦਰਮਿਆਨ ਚੱਲ ਰਿਹਾ ਰੇੜਕਾ ਅਮਰੀਕਾ ਜਾਂ ਕਿਸੇ ਹੋਰ ਸਹਿਯੋਗੀ ਮੁਲਕ ਦੁਆਰਾ ਖ਼ਤਮ ਨਹੀਂ ਕਰਵਾਇਆ ਜਾ ਸਕਦਾ ਅਤੇ ਕੈਨੇਡਾ ਸਰਕਾਰ ਨੂੰ ਅਜਿਹਾ ਕੋਈ ਵੀ ਭੁਲੇਖਾ ਦਿਮਾਗ ਵਿਚੋਂ ਕੱਢ ਦੇਣਾ ਚਾਹੀਦਾ ਹੈ। ਬੀਜਿੰਗ ਵਿਖੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੈਂਗ ਸ਼ੂਆਂਗ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ''ਅਸੀਂ ਉਮੀਦ ਕਰਦੇ ਹਾਂ ਕਿ ਕੈਨੇਡਾ ਸਰਕਾਰ ਕਿਸੇ ਵੀ ਭੁਲੇਖੇ ਵਿਚ ਨਹੀਂ ਹੋਵੇਗੀ।'' ਉਨਾਂ ਅੱਗੇ ਕਿਹਾ ਕਿ ਸਭ ਤੋਂ ਪਹਿਲਾਂ ਕੈਨੇਡਾ ਸਰਕਾਰ ਨੂੰ ਇਹ ਭੁੱਲ ਜਾਣਾ ਚਾਹੀਦਾ ਹੈ ਕਿ ਚੀਨ ਸਰਕਾਰ ਉਪਰ ਪਾਇਆ ਕੋਈ ਦਬਾਅ ਕੰਮ ਕਰੇਗਾ।
ਦੂਜੀ ਅਹਿਮ ਗੱਲ ਜੋ ਕੈਨੇਡਾ ਸਰਕਾਰ ਨੂੰ ਸਮਝ ਲੈਣੀ ਚਾਹੀਦੀ ਹੈ, ਉਹ ਇਹ ਹੈ ਕਿ ਸਹਿਯੋਗੀ ਮੁਲਕਾਂ ਦੁਆਰਾ ਕੀਤੇ ਜਾਣ ਵਾਲੇ ਉਪਰਾਲੇ ਕਿਸੇ ਜ਼ੁਬਾਨੀ ਕਲਾਮ ਤੋਂ ਜ਼ਿਆਦਾ ਕੁਝ ਨਹੀਂ। ਚੇਤੇ ਰਹੇ ਕਿ ਹੁਵਈ ਟੈਲੀਕਮਿਊਨੀਕੇਸ਼ਨਜ਼ ਦੀ ਦੀ ਸੀ.ਐਫ਼.ਓ. ਮੈਂਗ ਵਾਂਗਜੂ ਦੀ ਗ੍ਰਿਫ਼ਤਾਰੀ ਮਗਰੋਂ ਦੋਹਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਕੁੜੱਤਣ ਪੈਦਾ ਹੋ ਗਈ ਅਤੇ ਬਦਲਾਲਊ ਕਾਰਵਾਈ ਤਹਿਤ ਚੀਨ ਸਰਕਾਰ ਨੇ ਕੈਨੇਡਾ ਦੇ ਡਿਪਲੋਮੈਟ ਮਾਈਕਲ ਕੌਵਰਿਗ ਅਤੇ ਕਾਰੋਬਾਰੀ ਮਾਈਕਲ ਸਪੈਵਰ ਨੂੰ ਗ੍ਰਿਫ਼ਤਾਰ ਕਰ ਲਿਆ।