ਵੈੱਬ ਡੈਸਕ (ਵਿਕਰਮ ਸਹਿਜਪਾਲ) : ਚੀਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਮਾਣੂ ਸਪਲਾਇਰ ਗਰੁੱਪ (ਐਨਐਸਜੀ) ਦੇ ਗ਼ੈਰ-ਐਨ.ਪੀ.ਟੀ. ਮੈਂਬਰ ਦੇਸ਼ਾਂ ਦੀ ਸ਼ਮੂਲੀਅਤ 'ਤੇ ਕਿਸੀ ਵਿਸ਼ੇਸ਼ ਯੋਜਨਾ ਤੱਕ ਪਹੁੰਚਣ ਤੋਂ ਪਹਿਲਾਂ ਇਸ ਗਰੁੱਪ 'ਚ ਭਾਰਤ ਦੇ ਦਾਖਲੇ 'ਤੇ ਕੋਈ ਚਰਚਾ ਨਹੀਂ ਹੋਵੇਗੀ। ਹਾਲਾਂਕਿ, ਉਨ੍ਹਾਂ ਨੇ ਇਸ ਮੁੱਦੇ 'ਤੇ ਮੈਂਬਰ ਦੇਸ਼ਾਂ ਦੀ ਆਮ ਰਾਏ 'ਤੇ ਪਹੁੰਚਣ ਲਈ ਕੋਈ ਸਮੇਂ ਸੀਮਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮਈ 2016 ਵਿੱਚ, ਐਨਐਸਜੀ ਦੀ ਮੈਂਬਰਸ਼ਿਪ ਲਈ ਭਾਰਤ ਦੀ ਅਰਜ਼ੀ ਤੋਂ ਬਾਅਦ ਚੀਨ ਇਹ ਜ਼ੋਰ ਦੇ ਰਿਹਾ ਹੈ ਕਿ ਪ੍ਰਮਾਣੂ ਗੈਰ-ਪ੍ਰਸਾਰ ਸੰਧੀ (ਐਨ.ਪੀ.ਟੀ.) 'ਤੇ ਦਸਤਖ਼ਤ ਕਰਨ ਵਾਲੇ ਦੇਸ਼ਾਂ ਨੂੰ ਹੀ ਐਨ.ਐਸ.ਜੀ ਵਿਚ ਦਾਖਲ ਹੋਣ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ। ਦੱਸ ਦਈਏ ਕਿ ਐਨ.ਐਸ.ਜੀ. ਵਿੱਚ ਕੁੱਲ 48 ਦੇਸ਼ ਸ਼ਾਮਿਲ ਹਨ। ਇਹ ਵਿਸ਼ਵ ਪ੍ਰਮਾਣੂ ਕਾਰੋਬਾਰ ਨੂੰ ਨਿਯਮਿਤ ਕਰਦਾ ਹੈ।
ਭਾਰਤ ਅਤੇ ਪਾਕਿਸਤਾਨ ਨੇ ਐਨ.ਪੀ.ਟੀ. ਦੇ ਦਸਤਖਤ ਨਹੀਂ ਕੀਤੇ। ਹਾਲਾਂਕਿ ਭਾਰਤ ਦੀ ਅਰਜ਼ੀ ਦੇਣ 'ਤੇ 2016 ਵਿਚ ਪਾਕਿਸਤਾਨ ਨੇ ਐਨਐਸਜੀ ਦੀ ਮੈਂਬਰਸ਼ਿਪ ਲਈ ਅਰਜ਼ੀ ਲੱਗਾ ਦਿੱਤੀ ਸੀ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਸਕੱਤਰ ਲੂੰ ਕਾਂਗ ਨੇ ਕਿਹਾ ਕਿ ਜਿਨ੍ਹਾਂ ਦੇਸ਼ਾਂ ਨੇ ਐਨ.ਪੀ.ਟੀ. 'ਤੇ ਦਸਤਖਤ ਨਹੀਂ ਕੀਤੇ, ਉਨ੍ਹਾਂ ਨੂੰ ਕਿਸੀ ਵਿਸ਼ੇਸ਼ ਯੋਜਨਾ ਤੱਕ ਪਹੁੰਚੇ ਬਿਨਾ ਐਨਐਸਜੀ ਵਿੱਚ ਸ਼ਾਮਲ ਕਰਨ ਦਾ ਕੋਈ ਚਰਚਾ ਨਹੀਂ ਕੀਤੀ ਗਈ। ਇਸ ਲਈ ਭਾਰਤ ਨੂੰ ਸ਼ਾਮਲ ਕਰਨ 'ਤੇ ਕੋਈ ਚਰਚਾ ਨਹੀਂ ਹੋਈ। ਲੂੰ ਨੇ ਇਹ ਵੀ ਕਿਹਾ ਕਿ ਚੀਨ ਐਨਐਸਜੀ ਵਿੱਚ ਭਾਰਤ ਦੇ ਦਾਖਲੇ ਨੂੰ ਨਹੀਂ ਰੋਕ ਰਿਹਾ ਤੇ ਇਹ ਦੁਹਰਾਇਆ ਕਿ ਬੀਜਿੰਗ ਦਾ ਰੁਖ ਹੈ ਕਿ ਐਨਐਸਜੀ ਦੇ ਨਿਯਮਾਂ ਅਤੇ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ।
ਭਾਰਤ ਦੇ ਇਸ ਗੱਲ ਦਾ ਜ਼ਿਕਰ ਕਰਨ 'ਤੇ ਕਿ ਐਨਐਸਜੀ ਦੇ ਬਹੁਤੇ ਮੈਂਬਰ ਦੇਸ਼ਾਂ ਉਨ੍ਹਾਂ ਦੇ ਦਾਖਲੇ ਦਾ ਸਮਰਥਨ ਕਰ ਰਹੇ ਹਨ ਜਦਕਿ ਚੀਨ ਇਸ ਨੂੰ ਰੋਕ ਰਿਹਾ ਹੈ, ਇਸ 'ਤੇ ਲੂੰ ਨੇ ਕਿਹਾ, "ਮੈਂ ਭਾਰਤ ਲਈ ਨਹੀਂ ਕਹਿ ਸਕਦਾ ਕਿ ਚੀਨ ਉਸ ਦੇ ਰਸਤੇ ਨੂੰ ਰੋਕ ਰਿਹਾ ਹੈ।", ਪਰ ਕਾਰਜ ਪ੍ਰਣਾਲੀ ਦੇ ਕੁਝ ਨਿਯਮ ਹਨ ਅਤੇ ਸਾਰੇ ਮੈਂਬਰਾਂ ਨੂੰ ਉਨ੍ਹਾਂ ਦਾ ਪਾਲਣ ਕਰਨਾ ਚਾਹੀਦਾ ਹੈ।