ਚੇਨਈ (ਵਿਕਰਮ ਸਹਿਜਪਾਲ) : ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਜੇਤੂ 44 ਦੌੜਾਂ ਦੀ ਤੂਫਾਨੀ ਪਾਰੀ ਤੇ ਕਮਾਲ ਦੀਆਂ 2 ਸਟੰਪਿੰਗ ਅਤੇ ਲੈੱਗ ਸਪਿਨਰ ਇਮਰਾਨ ਤਾਹਿਰ ਦੀਆਂ 4 ਅਤੇ ਖੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ ਦੀਆਂ 3 ਵਿਕਟਾਂ ਦੀ ਬਦੌਲਤ ਪਿਛਲੇ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੇ ਦਿੱਲੀ ਕੈਪੀਟਲਸ ਨੂੰ ਆਸਾਨੀ ਨਾਲ 80 ਦੌੜਾਂ ਨਾਲ ਹਰਾ ਕੇ ਆਈ. ਪੀ. ਐੱਲ.-12 ਦੀ ਅੰਕ ਸੂਚੀ ਵਿਚ ਚੋਟੀ ਦਾ ਸਥਾਨ ਮੁੜ ਹਾਸਲ ਕਰ ਲਿਆ।
ਚੇਨਈ ਨੇ ਸੁਰੇਸ਼ ਰੈਨਾ (59) ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਓਪਨਰ ਫਾਫ ਡੂ ਪਲੇਸਿਸ (39) ਦੀ ਸ਼ਾਨਦਾਰ ਅਤੇ ਕਪਤਾਨ ਮਹਿੰਦਰ ਸਿੰਘ ਧੋਨੀ (ਅਜੇਤੂ 44) ਦੀ ਹਮਲਾਵਰ ਪਾਰੀ ਨਾਲ ਬੇਹੱਦ ਹੌਲੀ ਸ਼ੁਰੂਆਤ ਤੋਂ ਉਭਰਦੇ ਹੋਏ 20 ਓਵਰਾਂ ਵਿਚ 4 ਵਿਕਟਾਂ 'ਤੇ 179 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਤੇ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਨੂੰ ਮੁਕਾਬਲੇ ਵਿਚ ਕਿਤੇ ਵੀ ਖੜ੍ਹੇ ਨਹੀਂ ਹੋਣ ਦਿੱਤਾ। ਦਿੱਲੀ ਕੋਲ ਧੋਨੀ ਦੀ ਕਪਤਾਨੀ ਅਤੇ ਸਪਿਨਰਾਂ ਦਾ ਕੋਈ ਜਵਾਬ ਨਹੀਂ ਸੀ। ਦਿੱਲੀ 16.2 ਓਵਰ ਵਿਚ 99 ਦੌੜਾਂ ਹੀ ਬਣਾ ਸਕੀ।
ਚੈਂਪੀਅਨ ਚੇਨਈ ਦੀ 13 ਮੈਚਾਂ ਵਿਚ ਇਹ 9ਵੀਂ ਜਿੱਤ ਹੈ। ਉਸ ਨੇ 18 ਅੰਕਾਂ ਨਾਲ ਸੂਚੀ ਵਿਚ ਮੁੜ ਤੋਂ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਦਿੱਲੀ ਦੀ 13 ਮੈਚਾਂ ਵਿਚ ਇਹ 5ਵੀਂ ਹਾਰ ਹੈ। ਉਹ ਸੂਚੀ ਵਿਚ ਦੂਜੇ ਸਥਾਨ 'ਤੇ ਆ ਗਈ ਹੈ। ਦਿੱਲੀ ਦੇ 16 ਅੰਕ ਹਨ।