ਕਪੂਰਥਲਾ (ਇੰਦਰਜੀਤ ਸਿੰਘ) : ਮਿਸ਼ਨ ਤੰਦਰੁਸਤ ਪੰਜਾਬ ਅਧੀਨ, ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ, ਸਿਵਲ ਸਰਜਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਰਜੋਤ ਪਾਲ ਸਿੰਘ, ਸਹਾਇਕ ਕਮਿਸ਼ਨਰ ਫੂਡ ਅਤੇ ਸ਼੍ਰੀ ਸਤਨਾਮ ਸਿੰਘ, ਫੂਡ ਸੇਫਟੀ ਅਫਸਰ ਕਪੂਰਥਲਾ ਦੁਆਰਾ ਖਾਣ-ਪੀਣ ਵਾਲੀਆਂ ਵਸਤੂਆਂ ਖਾਸ ਤੌਰ ਤੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਚੈਕਿੰਗ ਕੀਤੀ ਗਈ।ਫੂਡ ਵਿੰਗ ਵੱਲੋਂ ਸਵੇਰੇ ਚੈਕਿੰਗ ਸ਼ੁਰੂ ਕੀਤੀ ਗਈ ਅਤੇ ਫੂਡ ਪਦਾਰਥਾਂ ਨੂੰ ਲਿਜਾਉਣ ਵਾਲੇ ਵਾਹਨਾਂ ਨੂੰ ਚੈਕ ਕੀਤਾ ਗਿਆ।ਇਸ ਚੈਕਿੰਗ ਦੌਰਾਨ, ਟੀਮ ਵੱਲੋਂ ਇੱਕ ਮਹਿੰਦਰਾ ਬੋਲੈਰੋ ਪਿਕਅਪ ਜਿਸ ਵਿੱਚ 1.2 ਟਨ ਦੇਸੀ ਘਿਓ, ਜੋ ਕਿ ਹਰਿਆਣਾ ਵਿੱਚ ਤਿਆਰ ਕੀਤਾ ਹੋਇਆ ਸੀ ਅਤੇ ਜਿਸ ਨੂੰ ਗੁਰਦਾਸਪੁਰ ਵਿਖੇ ਸਪਲਾਈ ਕੀਤਾ ਜਾਣਾ ਸੀ, ਨੂੰ ਚੈਕ ਕੀਤਾ ਗਿਆ।
ਟੀਮ ਵੱਲੋਂ ਇਸ ਦੇਸੀ ਘਿਓ ਦੇ ਤਿੰਨ ਸੈਂਪਲ ਲਏ ਗਏ।ਇੱਕ ਟਾਟਾ 407 ਗੱਡੀ ਜਿਸ ਵਿੱਚ 2 ਕਵਿੰਟਲ ਦੇਸੀ ਘਿਓ ਅਤੇ ਟੋਨਡ ਦੁੱਧ ਲਿਜਾਇਆ ਜਾ ਰਿਹਾ ਸੀ ਨੂੰ ਰੋਕ ਕੇ ਉਸ ਵਿੱਚੋਂ ਸੈਂਪਲ ਲਿਆ ਗਿਆ।ਇੱਕ ਮਹਿੰਦਰਾ ਬੋਲੈਰੇ ਗੱਡੀ ਜਿਸ ਵਿੱਚ 02 ਕਵਿੰਟਲ ਮਸਟਰਡ ਤੇਲ ਲਿਜਾਇਆ ਜਾ ਰਿਹਾ ਸੀ ਵਿੱਚੋਂ ਸੈਂਪਲ ਭਰਿਆ ਗਿਆ।ਇੱਕ ਹੋਰ ਗੱਡੀ ਤੋਂ ਦਿੱਲੀ ਵਿੱਚ ਤਿਆਰ ਦੇਸੀ ਘਿਓ ਦਾ ਸੈਂਪਲ ਵੀ ਭਰਿਆ ਗਿਆ।ਇਸ ਤੋਂ ਬਾਅਦ ਟੀਮ ਵੱਲੋਂ ਨਡਾਲਾ ਅਤੇ ਬੇਗੋਵਾਲ ਵਿਖੇ ਰੈਸਟੋਰੈਂਟਾਂ ਅਤੇ ਦੁਕਾਨਾਂ ਤੋਂ ਸੈਂਪਲ ਲਏ ਗਏ।ਇਸ ਤਰ੍ਹਾਂ ਅੱਜ ਕੁੱਲ 11 ਸੈਂਪਲ ਲਏ ਗਏ, ਜਿਸ ਵਿੱਚ ਦੇਸੀ ਘਿਓ ਦੇ 5 ਸੈਂਪਲ, ਖਾਸ ਤੌਰ ਤੇ ਹਰਿਆਣਾ ਬਰਾਂਡ, ਪਨੀਰ, ਦੁੱਧ, ਮਸਟਰਡ ਤੇਲ, ਬੇਸਨ ਆਦਿ।
ਇਹਨਾਂ ਸੈਂਪਲਾਂ ਨੂੰ ਅੱਜ ਸਟੇਟ ਫੂਡ ਲੈਬਾਰਟਰੀ, ਖਰੜ ਵਿਖੇ ਭੇਜ ਦਿੱਤਾ ਗਿਆ ਹੈ।ਸਿਵਲ ਸਰਜਨ ਵੱਲੋਂ ਕਿਹਾ ਗਿਆ ਕਿ ਵਿਭਾਗ ਵੱਲੋਂ ਭਵਿੱਖ ਵਿੱਚ ਅਜਿਹੀਆਂ ਚੈਕਿੰਗਾਂ ਜਾਰੀ ਰਹਿਣਗੀਆਂ ਤਾਂ ਜੋ ਆਮ ਲੋਕਾਂ ਨੂੰ ਸਿਹਤਮੰਦ, ਸੁਰੱਖਿਅਤ ਅਤੇ ਪੌਸ਼ਟਿਕ ਫੂਡ ਪਦਾਰਥ, ਖਾਸ ਤੌਰ ਤੇ ਦੁੱਧ ਤੇ ਦੁੱਧ ਤੋਂ ਤਿਆਰ ਖਾਣ-ਪੀਣ ਵਾਲੇ ਪਦਾਰਥ ਮੁਹੱਈਆ ਕਰਵਾਏ ਜਾ ਸਕਣ।