ਨਵੀਂ ਦਿੱਲੀ (ਦੇਵ ਇੰਦਰਜੀਤ) : ਵਧਦੀਆਂ ਸੜਕ ਦੁਰਘਟਨਾਵਾਂ ਨੂੰ ਦੇਖਦੇ ਹੋਏ ਤੇ ਇਸ 'ਚ ਕਮੀ ਲਿਆਉਣ ਲਈ ਗੱਡੀਆਂ ਦੀ ਬਣਾਵਟ ਤੇ ਉਸ 'ਚ ਮਿਲਣ ਵਾਲੀਆਂ ਸਹੂਲਤਾਂ 'ਚ ਸਰਕਾਰ ਨੇ ਕੁਝ ਬਦਲਾਅ ਕਰਨ ਦਾ ਫੈਸਲਾ ਲਿਆ ਹੈ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਸੈਫਟੀ ਨੂੰ ਧਿਆਨ 'ਚ ਰੱਖਦੇ ਹੋਏ ਕਈ ਨਿਯਮਾਂ 'ਚ ਬਦਲਾਅ ਕੀਤੇ ਹਨ। ਦੂਜੇ ਪਾਸੇ ਕੁਝ ਨਵੇਂ ਨਿਯਮ ਵੀ ਲਾਗੂ ਕੀਤੇ ਗਏ ਹਨ। ਮੰਤਰਾਲੇ ਦੀ ਨਵੀਂ ਗਾਈਡਲਾਈਨ ਬਾਈਕ ਦੀ ਸਵਾਰੀ ਕਰਨ ਵਾਲੇ ਲੋਕਾਂ ਲਈ ਜਾਰੀ ਕੀਤੀ ਹੈ। ਇਸ ਗਾਈਡਲਾਈਨ 'ਚ ਦੱਸਿਆ ਗਿਆ ਹੈ ਕਿ ਬਾਈਕ ਡਰਾਈਵਰ ਦੇ ਪਿੱਛੇ ਦੀ ਸੀਟ 'ਤੇ ਬੈਠਣ ਵਾਲੇ ਲੋਕਾਂ ਨੂੰ ਕਿਹੜੇ ਨਿਯਮਾਂ ਨੂੰ ਫਾਲੋ ਕਰਨਾ ਪਵੇਗਾ। ਜਾਣੋ ਕੀ ਹਨ ਸਰਕਾਰ ਦੇ ਨਵੇਂ ਨਿਯਮ।
ਡਰਾਈਵਰ ਦੀ ਸੀਟ ਦੇ ਪਿੱਛੇ ਹੈਂਡ ਹੋਲਡ
ਮੰਤਰਾਲੇ ਦੀ ਗਾਈਡਲਾਈਨ ਮੁਤਾਬਕ ਬਾਈਕ ਦੇ ਪਿੱਛੇ ਦੀ ਸੀਟ ਦੇ ਦੋਵੇਂ ਪਾਸੇ ਹੈਂਡ ਹੋਲਡ ਜ਼ਰੂਰੀ ਹੈ। ਹੈਂਡ ਹੋਲਡ ਪਿੱਛੇ ਬੈਠੀ ਸਵਾਰੀ ਦੀ ਸੈਫਟੀ ਲਈ ਹੈ। ਬਾਈਕ ਡਰਾਈਵਰ ਦੇ ਅਚਾਨਕ ਬ੍ਰੇਕ ਮਾਰਨ ਦੀ ਸਥਿਤੀ 'ਚ ਹੈਂਡ ਹੋਲਡ ਕਾਫੀ ਮਦਦਗਾਰ ਸਾਬਤ ਹੁੰਦਾ ਹੈ। ਹਾਲੇ ਤਕ ਜ਼ਿਆਦਾਤਰ ਬਾਈਕ 'ਚ ਇਹ ਸਹੂਲਤ ਨਹੀਂ ਹੁੰਦੀ ਸੀ। ਇਸ ਨਾਲ ਹੀ ਬਾਈਕ ਦੇ ਪਿੱਛੇ ਬੈਠਣ ਵਾਲੇ ਲਈ ਦੋਵੇਂ ਪਾਸੇ ਪਾਏਦਾਨ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਾਈਕ ਦੇ ਪਿਛਲੇ ਪਹੀਏ ਦੇ ਖੱਬੇ ਹਿੱਸੇ ਦਾ ਘੱਟ ਤੋਂ ਘੱਟ ਅੱਧਾ ਹਿੱਸਾ ਸੁਰੱਖਿਅਤ ਤਰੀਕੇ ਨਾਲ ਕਵਰ ਹੋਵੇਗਾ ਤਾਂ ਜੋ ਪਿੱਛੇ ਬੈਠਣ ਵਾਲਿਆਂ ਦੇ ਕੱਪੜੇ ਪਿਛਲੇ ਪਹੀਏ 'ਚ ਨਾ ਫਸਣ।
ਹਲਕਾ ਕੰਟੇਨਰ ਲਾਉਣ ਦੇ ਵੀ ਦਿਸ਼ਾ-ਨਿਰਦੇਸ਼
ਮੰਤਰਾਲੇ ਨੇ ਬਾਈਕ 'ਚ ਹਲਕਾ ਕੰਟੇਨਰ ਲਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਕੰਟੇਨਰ ਦੀ ਲੰਬਾਈ 550 ਮਿਮੀ, ਚੌੜਾਈ 510 ਮਿਲੀ ਤੇ ਉਚਾਈ 500 ਮਿਮੀ ਤੋਂ ਜ਼ਿਆਦਾ ਨਹੀਂ ਹੋਵੇਗੀ। ਜੇਕਰ ਕੰਟੇਨਰ ਨੂੰ ਪਿਛਲੀ ਸਵਾਰੀ ਦੇ ਸਥਾਨ 'ਤੇ ਲਾਇਆ ਜਾਂਦਾ ਹੈ ਤਾਂ ਸਿਰਫ ਡਰਾਈਵਰ ਨੂੰ ਹੀ ਮਨਜ਼ੂਰੀ ਹੋਵੇਗੀ। ਜੇਕਰ ਪਿਛਲੀ ਸਵਾਰੀ ਦੇ ਸਥਾਨ ਦੇ ਪਿੱਛੇ ਲਗਾਉਣ ਦੀ ਸਥਿਤੀ 'ਚ ਦੂਜੇ ਵਿਅਕਤੀ ਨੂੰ ਬਾਈਕ 'ਤੇ ਬੈਠਣ ਦੀ ਇਜਾਜ਼ਤ ਹੋਵੇਗੀ। ਜੇਕਰ ਕੋਈ ਦੂਜੀ ਸਵਾਰੀ ਬਾਈਕ 'ਤੇ ਬੈਠਦੀ ਹੈ ਤਾਂ ਇਹ ਨਿਯਮ ਉਲੰਘਣ ਮੰਨਿਆ ਜਾਵੇਗਾ।