ਗੋਂਡਾ (ਸਾਹਿਬ) : ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲੇ 'ਚ ਵੀਰਵਾਰ ਨੂੰ ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈੱਸ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ, ਜਿਸ 'ਚ 4 ਯਾਤਰੀਆਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਿਕ ਰੇਲਗੱਡੀ ਦੀਆਂ 10 ਤੋਂ ਵੱਧ ਬੋਗੀਆਂ ਪਟੜੀ ਤੋਂ ਉਤਰ ਗਈਆਂ ਹਨ, ਜਦਕਿ ਦੋ-ਤਿੰਨ ਬੋਗੀਆਂ ਪਲਟ ਗਈਆਂ ਹਨ। ਰੇਲ ਹਾਦਸੇ ਕਾਰਨ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮੌਕੇ 'ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਦੱਸ ਦਈਏ ਕਿ ਇਹ ਹਾਦਸਾ ਗੋਂਡਾ ਦੇ ਜਿਲਾਹੀ ਰੇਲਵੇ ਸਟੇਸ਼ਨ ਨੇੜੇ ਵਾਪਰਿਆ। ਟਰੇਨ ਬੁੱਧਵਾਰ ਰਾਤ 11:39 'ਤੇ ਚੰਡੀਗੜ੍ਹ ਤੋਂ ਰਵਾਨਾ ਹੋਈ।
ਵੀਰਵਾਰ ਦੁਪਹਿਰ ਨੂੰ ਜਦੋਂ ਰੇਲਗੱਡੀ ਗੋਂਡਾ ਅਤੇ ਬਸਤੀ ਦੇ ਵਿਚਕਾਰ ਝਿਲਾਹੀ ਸਟੇਸ਼ਨ 'ਤੇ ਪਹੁੰਚੀ ਤਾਂ ਅਚਾਨਕ ਜ਼ੋਰਦਾਰ ਆਵਾਜ਼ ਆਈ। ਇਸ ਤੋਂ ਬਾਅਦ ਟਰੇਨ ਹਿੱਲਣ ਲੱਗੀ ਅਤੇ ਕੁਝ ਹੀ ਸਮੇਂ 'ਚ ਟਰੇਨ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਰੇਲਗੱਡੀ ਪਟੜੀ ਤੋਂ ਉਤਰੀ, ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ ਅਤੇ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਰੇਲਗੱਡੀ ਰੁਕੀ, ਯਾਤਰੀਆਂ ਨੇ ਡੱਬਿਆਂ ਤੋਂ ਛਾਲ ਮਾਰ ਦਿੱਤੀ। ਰੇਲਵੇ ਅਧਿਕਾਰੀਆਂ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਓਥੇ ਹੀ ਰੇਲ ਹਾਦਸੇ ਤੋਂ ਬਾਅਦ ਰੇਲਵੇ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ, ਜਿਸ 'ਤੇ ਯਾਤਰੀ ਕਿਸੇ ਵੀ ਜਾਣਕਾਰੀ ਲਈ ਸੰਪਰਕ ਕਰ ਸਕਦੇ ਹਨ। ਹੈਲਪਲਾਈਨ ਨੰਬਰ- 8957409292 (ਲਖਨਊ ਜੰਕਸ਼ਨ), 8957400965 (ਗੋਂਡਾ)।
ਰੇਲ ਹਾਦਸੇ 'ਤੇ ਉੱਤਰ ਪੂਰਬੀ ਰੇਲਵੇ ਦੇ ਲੋਕ ਸੰਪਰਕ ਅਧਿਕਾਰੀ (ਸੀਪੀਆਰਓ) ਪੰਕਜ ਸਿੰਘ ਨੇ ਦੱਸਿਆ ਕਿ ਰੇਲਵੇ ਦੀ ਮੈਡੀਕਲ ਵੈਨ ਮੌਕੇ 'ਤੇ ਪਹੁੰਚ ਗਈ ਹੈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਰੇਲ ਹਾਦਸਾ ਦੁਪਹਿਰ ਕਰੀਬ 2.37 ਵਜੇ ਵਾਪਰਿਆ। ਸ਼ੁਰੂਆਤੀ ਜਾਣਕਾਰੀ ਮੁਤਾਬਿਕ 4-5 ਡੱਬੇ ਪਟੜੀ ਤੋਂ ਉਤਰ ਗਏ ਹਨ। ਸੀਐਮ ਯੋਗੀ ਨੇ ਅਧਿਕਾਰੀਆਂ ਨੂੰ ਰਾਹਤ ਕਾਰਜ ਤੇਜ਼ ਕਰਨ ਦੇ ਦਿੱਤੇ ਨਿਰਦੇਸ਼ : ਰੇਲ ਹਾਦਸੇ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਧਿਕਾਰੀਆਂ ਨੂੰ ਤੁਰੰਤ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਮੁੱਖ ਮੰਤਰੀ ਦਫਤਰ ਨੇ ਇਕ ਬਿਆਨ 'ਚ ਕਿਹਾ ਕਿ ਜ਼ਖਮੀਆਂ ਦੇ ਇਲਾਜ ਲਈ ਢੁੱਕਵੇਂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅਸਾਮ ਦੇ ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਡਿਬਰੂਗੜ੍ਹ-ਚੰਡੀਗੜ੍ਹ ਐਕਸਪ੍ਰੈਸ ਦੇ ਪਟੜੀ ਤੋਂ ਉਤਰਨ ਦੀ ਘਟਨਾ ਬਾਰੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਹ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ ਅਤੇ ਅਸਾਮ ਸਰਕਾਰ ਸਬੰਧਤ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ।