ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੋਰੋਨਾ ਵਾਇਰਸ ਦੇ ਲਗਾਤਾਰ ਘੱਟ ਹੁੰਦੇ ਮਾਮਲਿਆਂ ਦੇ ਮੱਦੇਨਜ਼ਰ, ਗ੍ਰਹਿ ਮੰਤਰਾਲਾ ਨੇ 31 ਮਾਰਚ ਤੋਂ ਲਗਭਗ ਦੋ ਸਾਲਾਂ ਬਾਅਦ ਕੋਵਿਡ-19 ਨਾਲ ਸਬੰਧਤ ਸਾਰੀਆਂ ਪਾਬੰਦੀਆਂ ਹਟਾਉਣ ਦਾ ਫ਼ੈਸਲਾ ਕੀਤਾ ਹੈ। ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਲਿਖੇ ਪੱਤਰ 'ਚ ਕਿਹਾ ਕਿ ਪਿਛਲੇ 24 ਮਹੀਨਿਆਂ 'ਚ ਗਲੋਬਲ ਮਹਾਮਾਰੀ ਦੇ ਪ੍ਰਬੰਧਨ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਬੀਮਾਰੀਆਂ ਦਾ ਪਤਾ ਲਗਾਉਣਾ, ਨਿਗਰਾਨੀ ਕਰਨਾ, ਸੰਪਰਕ ਟਰੇਸਿੰਗ, ਇਲਾਜ ਟੀਕਾਕਰਨ, ਹਸਪਤਾਲ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਆਦਿ ਸਮੇਤ ਕਈ ਅਹਿਮ ਕਦਮ ਚੁੱਕੇ ਗਏ ਹਨ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਹੁਣ ਆਮ ਲੋਕ ਕੋਵਿਡ-19 ਨਾਲ ਨਜਿੱਠਣ ਲਈ ਲੋੜੀਂਦੇ ਢੁਕਵੇਂ ਵਿਵਹਾਰ ਬਾਰੇ ਵੀ ਕਾਫੀ ਜਾਗਰੂਕ ਹਨ। ਉਨ੍ਹਾਂ ਕਿਹਾ ਕਿ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਵੀ ਆਪਣੀਆਂ ਸਮਰੱਥਾਵਾਂ ਅਤੇ ਪ੍ਰਣਾਲੀਆਂ ਵਿਕਸਿਤ ਕੀਤੀਆਂ ਹਨ ਅਤੇ ਵਿਸ਼ਵਵਿਆਪੀ ਮਹਾਮਾਰੀ ਦੇ ਪ੍ਰਬੰਧਨ ਲਈ ਆਪਣੀਆਂ ਵਿਸਤ੍ਰਿਤ ਵਿਸ਼ੇਸ਼ ਯੋਜਨਾਵਾਂ ਨੂੰ ਲਾਗੂ ਕੀਤਾ ਹੈ। ਪਿਛਲੇ ਸੱਤ ਹਫ਼ਤਿਆਂ ਵਿਚ ਨਵੇਂ ਕੇਸਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ।
ਭੱਲਾ ਨੇ ਪੱਤਰ 'ਚ ਕਿਹਾ, "ਆਲਮੀ ਮਹਾਂਮਾਰੀ ਦੇ ਪ੍ਰਕੋਪ ਦੀ ਸਥਿਤੀ ਨੂੰ ਘੱਟ ਕਰਨ ਅਤੇ ਸਰਕਾਰ ਦੀਆਂ ਤਿਆਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਕੋਵਿਡ -19 ਰੋਕਥਾਮ ਉਪਾਵਾਂ ਲਈ ਡੀਐਮ ਐਕਟ ਦੀਆਂ ਵਿਵਸਥਾਵਾਂ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ।