
ਫਗਵਾੜਾ (ਦੇਵ ਇੰਦਰਜੀਤ) : ਪੰਜਾਬ ਦੇ ਤਿੰਨ ਸ਼ਹਿਰ ਖੰਨਾ, ਫਗਵਾੜਾ ਅਤੇ ਫਿਲੌਰ ’ਚ ਜੀ. ਟੀ. ਰੋਡ ’ਤੇ ਭੀੜ ਨੂੰ ਘੱਟ ਕਰਨ ਲਈ ਕੇਂਦਰੀ ਸੜਕ ਅਤੇ ਟ੍ਰਾਂਸਪੋਰਟ ਮੰਤਰਾਲਾ ਨੇ 2 ਹਜ਼ਾਰ ਕਰੋੜ ਦੀ ਲਾਗਤ ਨਾਲ ਬਾਈਪਾਸ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਦੇਸ਼ ਕਾਰਜਕਾਰਨੀ ਮੈਂਬਰ ਅਨੁਜ ਛਾਹੜੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਮੰਤਰਾਲਾ ਦੇ ਪ੍ਰੋਜੈਕਟ ਡਾਇਰੈਕਟਰ ਨੇ ਦੱਸਿਆ ਹੈ ਕਿ ਕੇਂਦਰੀ ਸੜਕ ਅਤੇ ਟ੍ਰਾਂਸਪੋਰਟ ਮੰਤਰਾਲਾ ਨੇ ਨੈਸ਼ਨਲ ਡਿਵੈਲਪਮੈਂਟ ਪਲਾਨ ਭਾਰਤ ਮਾਲਾ ਦੇ ਅਧੀਨ ਪੰਜਾਬ ਦੇ ਖੰਨਾ ਵਿਚ 33 ਕਿਲੋਮੀਟਰ, ਫਗਵਾੜਾ ’ਚ 5 ਕਿਲੋਮੀਟਰ ਅਤੇ ਫਿਲੌਰ ’ਚ 11 ਕਿਲੋਮੀਟਰ ਲੰਬੇ ਬਾਈਪਾਸ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ’ਤੇ 200 ਕਰੋੜ ਰੁਪਏ ਖਰਚ ਆਵੇਗਾ।
ਮੰਤਰਾਲਾ ਪੰਜਾਬ ਦੇ ਚੰਡੀਗੜ੍ਹ-ਬਠਿੰਡਾ ਹਾਈਵੇਅ ’ਤੇ ਪਟਿਆਲਾ, ਭਵਾਨੀਗੜ੍ਹ ਅਤੇ ਰਾਮਪੁਰਾ ’ਚ ਬਾਈਪਾਸ ਬਣਾਉਣ ’ਤੇ ਵਿਚਾਰ ਕਰ ਰਿਹਾ ਹੈ, ਜਿਸ ’ਤੇ 935 ਕਰੋੜ ਰੁਪਏ ਖਰਚ ਆਵੇਗਾ। ਇਸਦੇ ਨਾਲ ਹੀ ਜੰਮੂ-ਜਲੰਧਰ ਰੋਡ ’ਤੇ ਮੁਕੇਰੀਆਂ, ਦਸੂਹਾ ਅਤੇ ਭੋਗਪੁਰ ਵਿਖੇ 900 ਕਰੋੜ ਰੁਪਏ ਦੀ ਲਾਗਤ ਨਾਲ ਬਾਈਪਾਸ ਬਣਾਏ ਜਾਣ ਦਾ ਵਿਚਾਰ ਹੈ।