ਨਿਊਜ਼ ਡੈਸਕ : ਬੀਤੇ ਦਿਨੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਇਕ ਔਰਤ ਵੱਲੋਂ ਬੀੜੀ ਪੀ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਦੇ ਮਾਮਲੇ ’ਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਣਗਹਿਲੀ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ 7 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਦਕਿ 3 ਨੂੰ ਤਬਦੀਲ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਮੁਅੱਤਲ ਕੀਤੇ ਮੁਲਾਜ਼ਮਾਂ ’ਚ ਨਰਿੰਦਰ ਸਿੰਘ ਮੈਨੇਜਰ, ਪਰਮਜੀਤ ਸਿੰਘ ਵਧੀਕ ਮੈਨੇਜਰ, ਗੁਰਸ਼ਿੰਦਰ ਸਿੰਘ ਨਿਗਰਾਨ, ਰਾਜਵਿੰਦਰ ਸਿੰਘ ਕਲਰਕ ਕਮ ਨਿਗਰਾਨ, ਭਾਈ ਕੁਲਦੀਪ ਸਿੰਘ ਸੇਵਾਦਾਰ ਸੇਵਾਦਲ, ਭਾਈ ਸੁਖਵਿੰਦਰ ਸਿੰਘ ਸੇਵਾਦਾਰ ਸੁਰੱਖਿਆ ਦਸਤਾ ਤੇ ਭਾਈ ਰਣਜੀਤ ਸਿੰਘ ਸੇਵਾਦਾਰ ਸੇਵਾਦਲ ਸ਼ਾਮਲ ਹਨ। ਰਮਦਾਸ ਅਨੁਸਾਰ ਇਨ੍ਹਾਂ ਮੁਅੱਤਲ ਕੀਤੇ ਮੁਲਾਜ਼ਮਾਂ ਦੇ ਹੈੱਡਕੁਆਰਟਰ ਵੱਖ-ਵੱਖ ਗੁਰਦੁਆਰਾ ਸਾਹਿਬਾਨ ’ਚ ਬਣਾਏ ਗਏ ਹਨ।