ਰਾਮ ਰਹੀਮ ਨੂੰ ਪੈਰੋਲ ਮਾਮਲੇ ਤੇ ਡੀਸੀ ਦੀ ਰਿਪੋਰਟ ਤੋਂ ਬਾਅਦ ਹੋਵੇਗਾ ਫ਼ੈਸਲਾ

by mediateam

ਸਿਰਸਾ (ਵਿਕਰਮ ਸਹਿਜਪਾਲ) : ਗੁਰਮੀਤ ਰਾਮ ਰਹੀਮ ਦੀ ਪੈਰੋਲ ਮਾਮਲੇ 'ਚ ਰੋਹਤਕ ਜੇਲ੍ਹ ਦੇ ਸੁਪਰਡੈਂਟ ਨੇ ਸਿਰਸਾ ਡੀ.ਸੀ. ਨੂੰ ਮਾਮਲੇ 'ਚ ਰਿਪੋਰਟ ਦੇਣ ਲਈ ਪੱਤਰ ਲਿਖਿਆ ਸੀ। ਡੀ.ਸੀ. ਆਪਣੀ ਰਿਪੋਰਟ ਤਿਆਰ ਕਰ ਕੇ ਜੇਲ੍ਹ ਸੁਪਰਡੈਂਟ ਨੂੰ ਭੇਜਣਗੇ ਜਿਸ ਦੇ ਆਧਾਰ 'ਤੇ ਰਾਮ ਰਹੀਮ ਦੀ ਪੈਰੋਲ 'ਤੇ ਫ਼ੈਸਲਾ ਹੋਵੇਗਾ। ਦੋ ਸਾਧਵੀਆਂ ਨਾਲ ਜਬਰ ਜਨਾਹ ਦੇ ਮਾਮਲੇ 'ਚ ਸੁਨਾਰੀਆ ਜੇਲ੍ਹ 'ਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਇਕ ਵਾਰੀ ਫਿਰ ਹਰਿਆਣਾ ਸਰਕਾਰ ਲਈ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ। ਗੁਰਮੀਤ ਨੇ ਰੋਹਤਕ ਦੀ ਸੁਨਾਹੀਆ ਜੇਲ੍ਹ ਪ੍ਰਸ਼ਾਸਨ ਤੋਂ ਇਕ ਵਾਰੀ ਫਿਰ ਪੈਰੋਲ ਮੰਗੀ ਹੈ। 

ਉਸ ਨੇ 42 ਦਿਨ ਦੀ ਪੈਰੋਲ ਅਰਜ਼ੀ ਦਿੱਤੀ ਹੈ। ਉਸ ਨੇ ਇਸ ਵਾਰੀ ਖੇਤੀਬਾੜੀ ਸਬੰਧੀ ਕੰਮਕਾਜ ਲਈ ਪੈਰੋਲ ਮੰਗੀ ਹੈ। ਜੇਲ੍ਹ ਪ੍ਰਸ਼ਾਸਨ ਨੇ ਇਸ ਸਬੰਧੀ ਇਕ ਤਰ੍ਹਾਂ ਨਾਲ ਉਸ ਦਾ ਪੱਖ ਲਿਆ ਹੈ। ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ 'ਚ ਗੁਰਮੀਤ ਦੇ ਆਚਰਨ ਨੂੰ ਚੰਗਾ ਦੱਸਿਆ ਹੈ।ਗੁਰਮੀਤ ਰਾਮ ਰਹੀਮ ਕਿਸੇ ਵੀ ਤਰੀਕੇ ਨਾਲ ਜੇਲ੍ਹ ਤੋਂ ਬਾਹਰ ਆਉਣਾ ਚਾਹੁੰਦਾ ਹੈ। 

ਇਸ ਲਈ ਹੁਣ ਉਸ ਨੇ ਖੇਤੀਬਾੜੀ ਦੇ ਕੰਮਕਾਜ ਨੂੰ ਸੰਭਾਲਣ ਲਈ ਪੈਰੋਲ ਦੇਣ ਦੀ ਅਪੀਲ ਜੇਲ੍ਹ ਪ੍ਰਸ਼ਾਸਨ ਨੂੰ ਕੀਤੀ ਹੈ। ਸੂਤਰਾਂ ਅਨੁਸਾਰ, ਜੇਲ੍ਹ ਸੁਪਰਡੈਂਟ ਰੋਹਤਕ ਵਲੋਂ ਡੀਸੀ ਨੂੰ ਭੇਜੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਗੁਰਮੀਤ ਸਿੰਘ ਦਾ ਜੇਲ੍ਹ 'ਚ ਆਚਰਨ ਵਧੀਆ ਹੈ ਅਤੇ ਉਸ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਅਪਰਾਧ ਨਹੀਂ ਕੀਤਾ।