ਚੰਡੀਗੜ੍ਹ (ਦੇਵ ਇੰਦਰਜੀਤ) : ਬਿਜਲੀ ਸਮਝੌਤੇ ਰੱਦ ਕਰਨ ਨੂੰ ਲੈ ਕੇ ਪੁੱਛੇ ਗਏ ਸਵਾਲ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਕੁਲ 122 ਪਾਵਰ ਪ੍ਰਚੇਜ ਐਗਰੀਮੈਂਟ ਹਨ, ਸਾਰਿਆਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈ। ਜੇਕਰ ਹੋ ਵੀ ਗਏ ਤਾਂ ਰਾਜ ਸੂਬੇ ਨੂੰ ਮਿਲਣ ਵਾਲੀ 14,000 ਮੈਗਾਵਾਟ ਬਿਜਲੀ ਕਿੱਥੋ ਲਿਆਵਾਂਗੇ। ਨੈਸ਼ਨਲ ਗ੍ਰਿਡ ਤੋਂ ਸਿਰਫ਼ 7000 ਮੈਗਵਾਟ ਬਿਜਲੀ ਹੀ ਖਰੀਦ ਸਕਦੇ ਹਾਂ।
12-13 ਰੁਪਏ ਪ੍ਰਤੀ ਯੂਨਿਟ ਜਾਂ ਮਹਿੰਗੀ ਖਰੀਦੀ ਜਾ ਰਹੀ ਹੈ ਬਿਜਲੀ ਦੇ ਸਮਝੌਤਿਆਂ ਨੂੰ ਰੱਦ ਕੀਤਾ ਜਾ ਸਕਦਾ ਹੈ ਪਰ ਜੇਕਰ ਸਾਰੇ ਸਮਝੌਤੇ ਰੱਦ ਕਰ ਦਿੱਤੇ ਤਾਂ ਕਾਨੂੰਨੀ ਲੜਾਈ ਦੇ ਚੱਕਰ ਵਿਚ ਤਾਉਮਰ ਸੁਪਰੀਮ ਕੋਰਟ ਵਿਚ ਹੀ ਬੈਠਾ ਰਹਾਂਗਾ। ਮੁੱਖ ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਸਤੀ ਬਿਜਲੀ ਅਤੇ ਬਿਜਲੀ ਸਮਝੌਤੇ ਰੱਦ ਕਰਨ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਘੇਰਦਿਆਂ ਲਗਾਤਾਰ ਬਿਆਨਬਾਜ਼ੀ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵਲੋਂ ਡਰੋਨ ਰਾਹੀਂ ਜਿਸ ਤਰ੍ਹਾਂ ਹਥਿਆਰ ਫੜ੍ਹੇ ਜਾ ਰਹੇ ਹਨ। ਉਹ ਚਿੰਤਾ ਦਾ ਵਿਸ਼ਾ ਹੈ। ਪਾਕਿਸਤਾਨ ਪੰਜਾਬ ਵਿੱਚ ਕੁੱਝ ਵੱਡਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਸਲੀਪਰ ਸੈੱਲ ਸਰਗਰਮ ਹੋ ਸਕਦੇ ਹਨ। ਕੇਂਦਰੀ ਏਜੰਸੀਆਂ ਦੇ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀ ਕਿਸੇ ਵੀ ਗਤੀਵਿਧੀਆਂ ਵਿੱਚ ਕਿਸਾਨ ਅੰਦੋਲਨ ਦਾ ਕੋਈ ਸਬੰਧ ਨਹੀਂ ਹੈ। ਇਹ ਕਹਿਣਾ ਕਿ ਕਿਸਾਨ ਅੰਦੋਲਨ ਰਾਹੀਂ ਕੋਈ ਗੜਬੜੀ ਕਰੇਗਾ, ਇਹ ਸਹੀ ਨਹੀਂ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਟਵੀਟ ਦਾ ਜਵਾਬ ਦਿੱਤਾ ਜਾਵੇਗਾ। ਕਈ ਮੁੱਦਿਆਂ ’ਤੇ ਉਹ ਖੱਟੜ ਨੂੰ ਐਜੂਕੇਟ ਵੀ ਕਰਨਗੇ। ਜਿੱਥੇ ਤੱਕ ਪੰਜਾਬ ਦੇ ਕਿਸਾਨਾਂ ਨੂੰ ਭੇਜਣ ਦਾ ਸਵਾਲ ਹੈ ਤਾਂ ਰਾਜਧਾਨੀ ਦਿੱਲੀ ਲਈ ਹਰਿਆਣਾ ਤੋਂ ਹੋ ਕੇ ਹੀ ਗੁਜਰਨਾ ਪੈਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕਿਸਾਨ ਨੇਤਾਵਾਂ ਨੂੰ ਮਠਿਆਈ ਨਹੀਂ ਖੁਆਈ ਸਗੋਂ ਕਿਸਾਨਾਂ ਨੇ ਉਨ੍ਹਾਂ ਨੂੰ ਮਠਿਆਈ ਖੁਆਈ ਸੀ। ਮੁੱਖ ਮੰਤਰੀ ਨੇ ਹਰਿਆਣਾ ਵਿਚ ਕਿਸਾਨਾਂ ’ਤੇ ਲਾਠੀਚਾਰਜ ਨੂੰ ਵੀ ਗਲਤ ਕਰਾਰ ਦਿੱਤਾ।