ਚੰਡੀਗੜ੍ਹ (Vikram Sehajpal) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈਆਂ ਦਿੰਦਿਆਂ ਆਸ ਪ੍ਰਗਟਾਈ ਕਿ ਸੂਬਾ ਵਾਸੀ ਇਹ ਤਿਉਹਾਰ ਵਾਤਾਵਰਨ ਪੱਖੀ ਹੋ ਕੇ ਮਨਾਉਣਗੇ ਅਤੇ ਇਹ ਪਵਿੱਤਰ ਦਿਹਾੜਾ ਹਰੇਕ ਲਈ ਤਰੱਕੀ ਤੇ ਖੁਸ਼ਹਾਲੀ ਲਿਆਵੇਗਾ। ਉਨ੍ਹਾਂ ਇਸ ਦੇ ਨਾਲ ਹੀ ਪਰਾਲੀ ਸਾੜਨ ਦੇ ਖ਼ਤਰਨਾਕ ਰੁਝਾਨ ਨੂੰ ਰੋਕਣ ਦੀ ਵੀ ਅਪੀਲ ਕੀਤੀ। ਦੀਵਾਲੀ ਮੌਕੇ ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਲੋਕਾਂ ਨੂੰ ਰੌਸ਼ਨੀਆਂ ਦਾ ਇਹ ਤਿਉਹਾਰ ਵਾਤਾਵਰਨ ਨੂੰ ਬਿਨਾਂ ਕੋਈ ਨੁਕਸਾਨ ਪਹੁੰਚਾਏ ਵਾਤਾਵਰਣ ਪੱਖੀ ਹੋ ਕੇ ਮਨਾਉਣ ਦਾ ਸੱਦਾ ਦਿੱਤਾ।
ਉਨ੍ਹਾਂ ਲੋਕਾਂ ਨੂੰ ਪਟਾਕੇ ਨਾ ਚਲਾਉਣ ਲਈ ਵੀ ਪ੍ਰੇਰਿਆ ਅਤੇ ਨਾਲ ਹੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਤੋਂ ਜਾਂ, ਅਸੀਂ ਆਪਣੇ ਲਈ ਅਤੇ ਆਉਣ ਵਾਲੀਆਂ ਪੀੜੀਆਂ ਲਈ ਸਾਫ਼ ਸੁਥਰਾ ਤੇ ਸ਼ੁੱਧ ਵਾਤਾਵਰਨ ਸਿਰਜ ਸਕੀਏ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰੌਸ਼ਨੀਆਂ ਦਾ ਇਹ ਤਿਉਹਾਰ ਅਸੀਂ ਰਵਾਇਤੀ ਤਰੀਕੇ ਨਾਲ ਮਨਾਉਂਦੇ ਹੋਏ ਖੁਸ਼ੀ ਤੇ ਚਾਵਾਂ ਦੇ ਦੀਵੇ ਬਾਲੀਏ। ਨਾਲ ਹੀ ਉਨਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਦੀਵਾਲੀ ਅਜਿਹੇ ਲੋਕਾਂ ਦੇ ਜੀਵਨ 'ਚੋਂ ਹਨੇਰਿਆਂ ਨੂੰ ਦੂਰ ਕਰ ਦੇਵੇਗੀ।
ਮੁੱਖ ਮੰਤਰੀ ਨੇ ਸਮੂਹ ਲੋਕਾਂ ਖਾਸ ਕਰ ਕੇ ਸਿੱਖ ਪੰਥ ਨੂੰ 'ਬੰਦੀ ਛੋੜ ਦਿਵਸ' ਦੇ ਇਤਿਹਾਸਕ ਦਿਹਾੜੇ ਦੀ ਵੀ ਨਿੱਘੀ ਮੁਬਾਰਕਬਾਦ ਦਿੱਤੀ। ਇਹ ਦਿਵਸ 1612 ਵਿੱਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਦੀਵਾਲੀ ਵਾਲੇ ਦਿਨ ਹੀ ਗਵਾਲੀਅਰ ਦੇ ਕਿਲ੍ਹੇ ਤੋਂ 52 ਹਿੰਦੂ ਰਾਜਿਆਂ ਨੂੰ ਛੁਡਾਉਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ।ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਵਿਸ਼ਵਕਰਮਾ ਦਿਵਸ ਦੀ ਵੀ ਮੁਬਾਰਕਬਾਦ ਦਿੱਤੀ ਅਤੇ ਨਾਲ ਹੀ ਭਗਵਾਨ ਵਿਸ਼ਵਕਰਮਾ ਜੀ ਦੀ ਹੁਨਰਮੰਦੀ ਦੀ ਭਾਵਨਾ ਸਮੁੱਚੇ ਮਾਨਵ ਜਗਤ ਵਿੱਚ ਹੋਰ ਪ੍ਰਬਲ ਹੋਵੇਗੀ ਅਤੇ ਕਿਰਤੀ ਵਰਗ ਦਾ ਸਤਿਕਾਰ ਹੋਰ ਵਧੇਗਾ। ਉਨ੍ਹਾਂ ਨਾਲ ਹੀ ਆਸ ਪ੍ਰਗਟਾਈ ਕਿ ਸਮੂਹ ਕਿਰਤੀ ਵਰਗ ਦਾ ਜੀਵਨ ਹੋਰ ਵੀ ਖੁਸ਼ਹਾਲ ਹੋਵੇਗਾ।