ਚੰਡੀਗੜ੍ਹ (ਦੇਵ ਇੰਦਰਜੀਤ) : ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਸਵਿਕਾਰ ਨਹੀਂ ਕਰਨਗੇ। ਕੈਪਟਨ ਨੇ ਆਖਿਆ ਹੈ ਕਿ ਉਨ੍ਹਾਂ ਸਿੱਧੂ ਨੂੰ ਇਕ ਮਹਿਕਮਾ ਦਿੱਤਾ ਸੀ।
ਸਿੱਧੂ ਕੋਲੋਂ ਉਹ ਮਹਿਕਮਾ ਤਾਂ ਸੰਭਲਿਆ ਨਹੀਂ ਫਿਰ ਉਹ ਪੂਰਾ ਪੰਜਾਬ ਕਿਸ ਤਰ੍ਹਾਂ ਸੰਭਾਲ ਸਕਦਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੀ ਸਮਰੱਥਾ ਤੋਂ ਉਹ ਭਲੀ ਭਾਂਤ ਜਾਣੂੰ ਹਨ ਅਤੇ ਉਹ ਸਿੱਧੂ ਨੂੰ ਮੁੱਖ ਮੰਤਰੀ ਦੇ ਅਹੁਦੇ ’ਤੇ ਸਵਿਕਾਰ ਨਹੀਂ ਕਰ ਸਕਦੇ ਹਨ। ਕੈਪਟਨ ਨੇ ਕਿਹਾ ਕਿ ਨਵਜੋਤ ਸਿੱਧੂ ਕਾਬਲ ਨਹੀਂ ਸਗੋਂ ਤਬਾਹੀ ਲਿਆਉਣ ਵਾਲੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਜਾਂ ਤਾਂ ਸਿਆਸਤ ਨਹੀਂ ਆਉਂਦੀ ਜਾਂ ਫਿਰ ਉਹ ਝੂਠ ਬੋਲਦੇ ਹਨ। ਉਨ੍ਹਾਂ ਕਿਹਾ ਕਿ ਬਾਦਲ ਉਨ੍ਹਾਂ ਦੇ ਦੁਸ਼ਮਣ ਹਨ, ਬਾਦਲਾਂ ਕਰਕੇ ਉਨ੍ਹਾਂ ’ਤੇ 13 ਸਾਲ ਕੇਸ ਚੱਲਦੇ ਰਹੇ। ਇੰਨਾ ਹੀ ਨਹੀਂ ਸਗੋਂ ਇਕ ਕਮੇਟੀ ਬਣਾ ਕੇ ਮੇਰੀ ਵਿਧਾਨ ਸਭਾ ਮੈਂਬਰੀ ਖਾਰਜ ਕਰ ਦਿੱਤੀ ਜੋ ਮੈਂਨੂੰ ਸੁਪਰੀਮ ਕੋਰਟ ਨੇ ਬਹਾਲ ਕੀਤੀ ਜਦੋਂ ਅਕਾਲੀ ਦਲ ਨਾਲ ਮੇਰੀ ਦੁਸ਼ਮਣੀ ਹੈ ਤਾਂ ਮੈਂ ਅਕਾਲੀਆਂ ਨਾਲ ਸਾਂਝ ਕਿਵੇਂ ਪਾ ਸਕਦਾ ਹਾਂ।
ਕੈਪਟਨ ਨੇ ਕਿਹਾ ਕਿ ਉਨ੍ਹਾਂ ਦੇ ਸਿਆਸੀ ਬਦਲ ਖੁੱਲ੍ਹੇ ਹਨ ਅਤੇ ਆਪਣੇ ਸਮਰਥਕਾਂ ਨਾਲ ਵਿਚਾਰ ਕਰਕੇ ਅਗਲੀ ਰਣਨੀਤੀ ਉਲੀਕਣਗੇ। ਕੈਪਟਨ ਨੇ ਕਿਹਾ ਕਿ ਫੌਜ ਵਿਚ ਟਾਸਕ ਦਿੱਤੇ ਜਾਂਦੇ ਹਨ ਜਦੋਂ ਇਕ ਟਾਸਕ ਖ਼ਤਮ ਹੋ ਜਾਂਦਾ ਹੈ ਤਾਂ ਦੂਜਾ ਸ਼ੁਰੂ ਹੋ ਜਾਂਦਾ ਹੈ। ਲਿਹਾਜ਼ਾ ਉਨ੍ਹਾਂ ਦੀ ਸਿਆਸਤ ਅਜੇ ਖ਼ਤਮ ਨਹੀਂ ਹੋਈ ਹੈ।
ਇਸ ਦੌਰਾਨ ਕੈਪਟਨ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਪਹਿਲਾਂ ਹੀ ਸੋਨੀਆ ਗਾਂਧੀ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਨਵਜੋਤ ਸਿੱਧੂ ਨਾਲ ਕੰਮ ਨਹੀਂ ਕਰ ਕਰਨਗੇ, ਲਿਹਾਜ਼ਾ ਉਹ ਅਸਤੀਫ਼ਾ ਦੇ ਰਹੇ ਹਨ। ਕੈਪਟਨ ਨੇ ਕਿਹਾ ਕਿ ਜਦੋਂ ਉਨ੍ਹਾਂ ਪਹਿਲਾਂ ਹੀ ਅਸਤੀਫ਼ੇ ਬਾਰੇ ਸਪੱਸ਼ਟ ਕਰ ਦਿੱਤਾ ਸੀ ਫਿਰ ਸੀ.ਐੱਲ. ਪੀ. ਦੀ ਬੈਠਕ ਬੁਲਾਉਣ ਦੀ ਕੀ ਲੋੜ ਸੀ।