ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਚੰਡੀਗੜ੍ਹ ਵਿਖੇ ਸਿਸਵਾਂ ਹਾਊਸ ਵਿਖੇ ਮੁਲਾਕਾਤ ਕਰਨ ਦੇ ਬਾਅਦ ਹਰੀਸ਼ ਰਾਵਤ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਾਈਕਮਾਨ ਦਾ ਹਰ ਫ਼ੈਸਲਾ ਮਨਜ਼ੂਰ ਹੋਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਮਹਾਨ ਬਿਆਨ ਦਿੱਤਾ ਸੀ, ਜਿਸ ’ਚ ਉਨ੍ਹਾਂ ਨੇ ਹਾਈਕਮਾਨ ਦਾ ਹਰ ਫ਼ੈਸਲਾ ਮਨਜ਼ੂਰ ਹੋਣ ਦੀ ਗੱਲ ਕਹੀ ਸੀ
ਇਸ ਤੋਂ ਇਲਾਵਾ ਉਨ੍ਹਾਂ ਕੁਝ ਵੀ ਬੋਲਣ ਤੋਂ ਇਨਕਾਰ ਦਿੱਤਾ। ਇਥੇ ਦੱਸ ਦੇਈਏ ਕਿ ਹਰੀਸ਼ ਰਾਵਤ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਲਈ ਚੰਡੀਗੜ੍ਹ ਵਿਖੇ ਸਿਸਵਾਂ ਹਾਊਸ ਆਏ ਸਨ, ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਸਾਹਮਣੇ ਕਈ ਮੁੱਦੇ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰੀਸ਼ ਰਾਵਤ ਦੇ ਸਾਹਮਣੇ ਚੁੱਕੇ ਗਏ ਮੁੱਦਿਆਂ ਨੂੰ ਹਰੀਸ਼ ਰਾਵਤ ਨੇ ਕਾਂਗਰਸ ਪ੍ਰਧਾਨ ਦੇ ਸਾਹਮਣੇ ਰੱਖਣ ਦਾ ਵੀ ਭਰੋਸਾ ਦਿੱਤਾ।
ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਪ੍ਰਧਾਨ ਬਣਾਏ ਜਾਣ ਦਾ ਰਸਮੀ ਐਲਾਨ ਬੇਸ਼ੱਕ ਅਜੇ ਨਹੀਂ ਹੋਇਆ ਹੈ ਪਰ ਇਸ ਤੋਂ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਕਈ ਮੰਤਰੀਆਂ ਅਤੇ ਵਿਧਾਇਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਅੱਜ ਨਵਜੋਤ ਸਿੰਘ ਸਿੱਧੂ ਮੌਜੂਦਾ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਜਿੱਥੇ ਸਿੱਧੂ ਅਤੇ ਸੁਨੀਲ ਜਾਖੜ ਦੋਵੇਂ ਜੱਫੀਆਂ ਪਾ ਕੇ ਏਕੇ ਦਾ ਸਬੂਤ ਦਿੰਦੇ ਹੋਏ ਨਜ਼ਰ ਆਏ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਿਹਾ ਸਿੱਧੂ ਨੇ ਕਿਹਾ ਕਿ ਸਾਡੀ ਜੋੜੀ ‘ਹਿੱਟ ਅਤੇ ਫਿੱਟ’ ਰਹੇਗੀ। ਨਵਜੋਤ ਸਿੰਘ ਸਿੱਧੂ ਨੇ ਸੁਨੀਲ ਜਾਖੜ ਨਾਲ ਮੁਲਾਕਾਤ ਕਰਨ ਦੇ ਬਾਅਦ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਬਲਬੀਰ ਸਿੰਘ ਸਿੱਧੂ, ਲਾਲ ਸਿੰਘ, ਰਾਜਾ ਵੜਿੰਗ, ਦਵਿੰਦਰ ਸਿੰਘ ਘੁਬਾਇਆ, ਦਰਸ਼ਨ ਸਿੰਘ ਬਰਾੜ, ਗੁਰਪ੍ਰੀਤ ਕਾਂਗੜ, ਕੁਲਬੀਰ ਸਿੰਘ ਜ਼ੀਰਾ ਸਮੇਤ ਹੋਰਾਂ ਨਾਲ ਮੁਲਾਕਾਤ ਕੀਤੀ ਗਈ।