ਚੰਡੀਗੜ੍ਹ (ਦੇਵ ਇੰਦਰਜੀਤ) : ਮੁੱਖ ਮੰਤਰੀ ਨੇ ਕਿਹਾ ਕਿ ਅਫਗਾਨਿਸਤਾਨ ’ਤੇ ਤਾਲਿਬਾਨ ਦਾ ਦਬਦਬਾ ਕਾਇਮ ਹੋਣਾ ਸਾਡੇ ਦੇਸ਼ ਲਈ ਚੰਗਾ ਨਹੀਂ ਹੈ। ਦੂਜੇ ਪਾਸੇ ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸਰਕਾਰ ਨਾਲ ਵੀ ਤਾਲਮੇਲ ਸਥਾਪਿਤ ਕਰਨ ਦਾ ਫੈਸਲਾ ਲਿਆ ਅਤੇ ਤਾਲਿਬਾਨ ਤੋਂ ਪੈਦਾ ਹੋਣ ਵਾਲੇ ਖਤਰੇ ਲੈ ਕੇ ਸੂਬੇ ਦੀਆਂ ਏਜੰਸੀਆਂ ਕੇਂਦਰੀ ਏਜੰਸੀਆਂ ਨੂੰ ਪੂਰੀ ਜਾਣਕਾਰੀ ਦੇਣਗੀਆਂ। ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ਪੁਲਸ ਦੇ ਡੀ. ਜੀ. ਪੀ. ਨੂੰ ਪੰਜਾਬ ’ਚ ਅਮਨ ਸ਼ਾਂਤੀ ਬਣਾਈ ਰੱਖਣ ਦੇ ਨਿਰਦੇਸ਼ ਦੇ ਦਿੱਤੇ ਹਨ ਅਤੇ ਤਾਲਿਬਾਨੀ ਖਤਰੇ ਤੋਂ ਪੰਜਾਬ ਪੁਲਸ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ।
ਅਫਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪਾਕਿਸਤਾਨ ਨਾਲ ਲਗਦੇ ਪੰਜਾਬ ਬਾਰਡਰ ’ਤੇ ਚੌਕਸ ਰਹਿਣ ਦਾ ਸੰਕੇਤ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤਾਲਿਬਾਨ ਦੇ ਉਭਾਰ ਨਾਲ ਪੰਜਾਬ ’ਚ ਸ਼ਾਂਤੀ ’ਚ ਰੁਕਾਵਟ ਪਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਸਕਦੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸੂਬਾ ਪੁਲਸ ਅਤੇ ਕੇਂਦਰੀ ਏਜੰਸੀਆਂ ਨੂੰ ਪੰਜਾਬ ਸਰਹੱਦ ’ਤੇ ਅਲਰਟ ਰਹਿਣ ਲਈ ਕਹਿ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦੇ ਹੋਏ ਕਿਹਾ ਕਿ ਅਫਗਾਨਿਸਤਾਨ ਦੇ ਘਟਨਾਕ੍ਰਮ ਨੂੰ ਪੰਜਾਬ ਸਰਕਾਰ ਨੇ ਗੰਭੀਰਤਾ ਨਾਲ ਲਿਆ ਹੈ। ਹੁਣ ਸਾਨੂੰ ਸਰਹੱਦਾਂ ’ਤੇ ਹੋਰ ਵੀ ਵਧੇਰੇ ਚੌਕਸ ਰਹਿਣਾ ਹੋਵੇਗਾ ਅਤੇ ਤਾਲਿਬਾਨ ਦੇ ਖਤਰੇ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ।
ਕਾਬੁਲ- ਅਫਗਾਨਿਸਤਾਨ ’ਚ ਤਾਲਿਬਾਨ ਵਲੋਂ ਕੀਤੇ ਗਏ ਕਬਜ਼ੇ ਤੋਂ ਬਾਅਦ ਦੁਨੀਆ 2 ਹਿੱਸਿਆਂ ਵਿਚ ਵੰਡੀ ਨਜ਼ਰ ਆ ਰਹੀ ਹੈ। ਤਾਲਿਬਾਨ ਦੀ ਹਕੂਮਤ ਤੋਂ ਬਾਅਦ ਜਿੱਥੇ ਇਕ ਪਾਸੇ ਅਮਰੀਕਾ, ਬ੍ਰਿਟੇਨ, ਜਰਮਨੀ ਤੇ ਫਰਾਂਸ ਵਰਗੇ ਦੇਸ਼ ਆਪਣੀਆਂ ਅੰਬੈਸੀਆਂ ਬੰਦ ਕਰ ਰਹੇ ਹਨ, ਉੱਥੇ ਹੀ ਚੀਨ, ਰੂਸ, ਈਰਾਨ ਤੇ ਪਾਕਿਸਤਾਨ ਵਰਗੇ ਦੇਸ਼ ਤਾਲਿਬਾਨੀ ਸਰਕਾਰ ਦੀ ਹਮਾਇਤ ਕਰਦੇ ਨਜ਼ਰ ਆ ਰਹੇ ਹਨ। ਇਹ ਸਾਰੇ ਦੇਸ਼ ਅਮਰੀਕਾ ਦੇ ਕਈ ਮਸਲਿਆਂ ’ਤੇ ਵਿਰੋਧ ਕਰ ਰਹੇ ਹਨ।
ਅਜਿਹੀ ਹਾਲਤ ’ਚ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਨੂੰ ਉਹ ਕੈਸ਼ ਕਰਵਾਉਣਾ ਚਾਹੁੰਦੇ ਹਨ ਅਤੇ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰਦੇ ਹਨ। ਚੀਨ ਨੇ ਤਾਲਿਬਾਨੀ ਸਰਕਾਰ ਨਾਲ ਚੰਗੇ ਰਿਸ਼ਤਿਆਂ ’ਤੇ ਬਿਆਨ ਵੀ ਜਾਰੀ ਕਰ ਦਿੱਤਾ ਹੈ। ਚੀਨੀ ਵਿਦੇਸ਼ ਮੰਤਰਾਲਾ ਨੇ ਵੀ ਕਿਹਾ ਹੈ ਕਿ ਉਹ ਅਫਗਾਨਿਸਤਾਨ ਦੇ ਤਾਲਿਬਾਨ ਨਾਲ ਦੋਸਤਾਨਾ ਰਿਸ਼ਤੇ ਬਣਾਉਣਾ ਚਾਹੁੰਦਾ ਹੈ। ਚੀਨ ਦੇ ‘ਪੀਪੁਲਜ਼ ਡੇਲੀ’ ਅਨੁਸਾਰ ਅਫਗਾਨਿਸਤਾਨ ’ਚ ਮੌਜੂਦ ਕਈ ਚੀਨੀ ਨਾਗਰਿਕ ਵਾਪਸ ਆ ਚੁੱਕੇ ਹਨ।