ਮਾਨਸਾ, (ਆਨ ਆਰ ਆਈ ਮੀਡਿਆ ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਬਠਿੰਡਾ ਦੇ ਕੈਂਸਰ ਹਸਪਤਾਲ ਨੂੰ ਪਹਿਲਾਂ ਦੀ ਤਰ੍ਹਾਂ ਹੀ ਕੈਂਸਰ ਪੀੜਤਾਂ ਦਾ ਇਲਾਜ ਕੀਤਾ ਜਾਵੇ ਅਤੇ ਕੋਵਿਡ ਕੇਅਰ ਸੈਂਟਰ ਲਈ ਹੋਰ ਥਾਂ ਨਿਰਧਾਰਤ ਕੀਤੀ ਜਾਵੇ। ਇਸ ਮੰਗ ਸਬੰਧੀ ਆਪ ਆਗੂਆਂ ਦੇ ਇੱਕ ਵਫ਼ਦ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀਂ ਇੱਕ ਮੰਗ ਪੱਤਰ ਮੁੱਖ ਮੰਤਰੀ ਨੂੰ ਭੇਜਿਆ ਗਿਆ।
ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਮੇਤ ਪੂਰਾ ਭਾਰਤ ਕੋਰੋਨਾ ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ। ਪੰਜਾਬ ਵਿੱਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ। ਸੂਬੇ ਦੀ ਕਾਂਗਰਸ ਸਰਕਾਰ ਕੋਵਿਡ ਪੀੜਤਾਂ ਦੇ ਇਲਾਜ ਲਈ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤੇ। ਪਰ ਹੁਣ ਸੂਬੇ ’ਚ ਵਿਸ਼ੇਸ਼ ਬਿਮਾਰੀਆਂ ਦੇ ਇਲਾਜ ਲਈ ਕਾਇਮ ਕੀਤੇ ਗਏ ਹਸਪਤਾਲਾਂ ਨੂੰ ਕਰੋਨਾ ਵਾਰਡ ਵਿਚ ਤਬਦੀਲ ਕਰ ਰਹੀ ਹੈ। ਇਸ ਦੀ ਉਦਾਹਰਨ ਬਠਿੰਡਾ ਤੋਂ ਮਿਲਦੀ ਹੈ, ਜਿਥੇ ਸਰਕਾਰ ਦੇ ਆਦੇਸ਼ਾਂ ’ਤੇ ਕੈਂਸਰ ਹਸਪਤਾਲ ਬਠਿੰਡਾ ਨੂੰ ਕੋਵਿਡ ਵਾਰਡ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਉਚਿਤ ਨਹੀਂ ਹੈ, ਕਿਉਂ ਜੋ ਕੈਂਸਰ ਹਸਪਤਾਲ ਵਿੱਚ ਪਹਿਲਾਂ ਤੋਂ ਹੀ ਮਰੀਜ਼ਾਂ ਦੀ ਵੱਡੀ ਤਾਦਾਤ ਆਪਣਾ ਇਲਾਜ ਕਰਵਾ ਰਹੀ ਹੈ।
ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਦਾ ਮਾਲਵਾ ਖੇਤਰ ਕੈਂਸਰ ਦੇ ਹੱਬ ਵਜੋਂ ਮਸ਼ਹੂਰ ਹੈ ਅਤੇ ਇੱਥੇ ਸਥਿਤ ਵੱਖ ਵੱਖ ਜ਼ਿਲ੍ਹਿਆਂ ਦੇ ਲੋਕ ਬਠਿੰਡਾ ਦੇ ਕੈਂਸਰ ਹਸਪਤਾਲ ਵਿਚ ਆਪਣਾ ਇਲਾਜ ਕਰਵਾ ਰਹੇ ਹਨ। ਜੇਕਰ ਇਸ ਕੈਂਸਰ ਹਸਪਤਾਲ ਨੂੰ ਕੋਵਿਡ ਸੈਂਟਰ ਵਿਚ ਤਬਦੀਲ ਕਰ ਦਿੱਤਾ ਗਿਆ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਕੈਂਸਰ ਦੇ ਮਰੀਜ਼ਾ ਲਈ ਬਹੁਤ ਵੱਡੀ ਮੁਸ਼ਕਿਲ ਖੜ੍ਹੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਬਠਿੰਡਾ ਦਾ ਕੈਂਸਰ ਹਸਪਤਾਲ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਕੈਂਸਰ ਮਰੀਜ਼ਾਂ ਲਈ ਇਕ ਆਸ ਦੀ ਕਿਰਨ ਹੈ ਪ੍ਰੰਤੂ ਇਸ ਦੀ ਅਣਹੋਂਦ ਵਿੱਚ ਉਨ੍ਹਾਂ ਕੋਲ ਕੋਈ ਵੀ ਹੋਰ ਰਸਤਾ ਨਹੀਂ ਬਚੇਗਾ।
ਬੀਬਾ ਬਲਜਿੰਦਰ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਰਾਹੀਂ ਅਪੀਲ ਕੀਤੀ ਹੈ ਕਿ ਬਠਿੰਡਾਂ ਦੇ ਕੈਂਸਰ ਹਸਪਤਾਲ ਦੀ ਥਾਂ ਤੇ ਹੋਰ ਸਰਕਾਰੀ ਬਿਲਡਿੰਗਾਂ ਜਿਵੇਂ ਸਕੂਲ ਕਾਲਜ ਜਾਂ ਕਮਿਊਨਿਟੀ ਸੈਂਟਰ ਵਿਚ ਕਵਿਡ ਕੇਅਰ ਸੈਂਟਰ ਸਥਾਪਿਤ ਕੀਤਾ ਜਾਵੇ, ਜੋ ਇਸ ਸਮੇਂ ਵਰਤੋਂ ਵਿੱਚ ਨਹੀਂ ਆ ਰਹੇ। ਅਜਿਹਾ ਕਰਨ ਨਾਲ ਕਵਿਡ ਮਰੀਜ਼ਾਂ ਦੀ ਸਹਾਇਤਾ ਵੀ ਕੀਤੀ ਜਾ ਸਕਦੀ ਹੈ ਅਤੇ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਵੀ ਪਹਿਲਾਂ ਦੀ ਤਰ੍ਹਾਂ ਬਾਦਸਤੂਰ ਜਾਰੀ ਰਹਿ ਸਕਦਾ ਹੈ। ਇਸ ਸਮੇਂ ਪ੍ਰੋ ਬਲਜਿੰਦਰ ਕੌਰ ਵਿਧਾਇਕਾ ਤਲਵੰਡੀ ਸਾਬੋ, ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ ਨੀਲ ਗਰਗ, ਮੀਤ ਪ੍ਰਧਾਨ ਟਰੇਡ ਵਿੰਗ ਪੰਜਾਬ, ਲੀਗਲ ਸੈੱਲ ਦੇ ਮੀਤ ਪ੍ਰਧਾਨ ਐਡਵੋਕੇਟ ਨਵਦੀਪ ਜੀਦਾ, ਜ਼ਿਲ੍ਹਾ ਜਨਰਲ ਸਕੱਤਰ ਰਾਕੇਸ਼ ਪੁਰੀ, ਬੁੱਧੀਜੀਵੀ ਵਿੰਗ ਦੇ ਪ੍ਰਧਾਨ ਮਹਿੰਦਰ ਸਿੰਘ ਫੁਲੋਮਿਠੀ , ਸੀਨੀਅਰ ਆਗੂ ਅਮ੍ਰਿਤਲਾਲ ਅਗਰਵਾਲ, ਜ਼ਿਲ੍ਹਾ ਮੀਡੀਆ ਇੰਚਾਰਜ ਸੁਖਵੀਰ ਸਿੰਘ ਬਰਾੜ ਹਾਜਰ ਸਨ ।
by vikramsehajpal