ਟਰੋਂਟੋ(ਦੇਵ ਇੰਦਰਜੀਤ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਗਰਮੀਆਂ ਤੱਕ ਕੈਨੇਡੀਅਨਜ਼ ਦੇਸ਼ ਤੋਂ ਬਾਹਰ ਟਰੈਵਲ ਕਰ ਸਕਣਗੇ। ਉਨ੍ਹਾਂ ਇਹ ਵੀ ਆਖਿਆ ਕਿ ਉਹ ਹੋਰਨਾਂ ਦੇਸ਼ਾਂ ਨਾਲ ਤਾਲਮੇਲ ਕਰਕੇ ਉਹ ਦਸਤਾਵੇਜ਼ ਮੁਹੱਈਆ ਕਰਵਾਉਣਗੇ ਜਿਹੜੇ ਉਨ੍ਹਾਂ ਨੂੰ ਚਾਹੀਦੇ ਹੋਣਗੇ। ਇਨ੍ਹਾਂ ਵਿੱਚ ਕੋਵਿਡ-19 ਖਿਲਾਫ ਵੈਕਸੀਨੇਸ਼ਨ ਦੇ ਸਬੂਤ ਦਾ ਸਰਟੀਫਿਕੇਟ ਵੀ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਲ ਹੋਵੇਗਾ।
ਅਜਿਹਾ ਕਰਕੇ ਟਰੂਡੋ ਵੱਲੋਂ ਕੌਮਾਂਤਰੀ ਟਰੈਵਲ ਲਈ ਵੈਕਸੀਨ ਪਾਸਪੋਰਟ ਦੀ ਧਾਰਣਾ ਨੂੰ ਥੋੜ੍ਹਾ ਹੋਰ ਸਪਸ਼ਟ ਕਰਕੇ ਦੱਸਣ ਦੀ ਪੇਸ਼ਕਸ਼ ਕੀਤੀ ਗਈ ਹੈ। ਟਰੂਡੋ ਨੇ ਓਟਵਾ ਵਿੱਚ ਨਿਊਜ਼ ਕਾਨਫਰੰਸ ਵਿੱਚ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਲੋੜੀਂਦੇ ਟਰੈਵਲ ਦਸਤਾਵੇਜ਼ ਤਿਆਰ ਕਰਨ ਲਈ ਹੋਰਨਾਂ ਦੇਸ਼ਾਂ ਨਾਲ ਰਲ ਕੇ ਕੰਮ ਕਰੇਗੀ।ਟਰੂਡੋ ਨੇ ਆਖਿਆ ਕਿ ਅਸੀਂ ਆਪਣੇ ਭਾਈਵਾਲਾਂ, ਖਾਸਤੌਰ ਉੱਤੇ ਯੂਰਪ, ਨਾਲ ਰਲ ਕੇ ਵੈਕਸੀਨ ਪਾਸਪੋਰਟ ਜਾਂ ਦਸਤਾਵੇਜ਼ ਤਿਆਰ ਕਰਨ ਬਾਰੇ ਕੰਮ ਕਰ ਰਹੇ ਹਾਂ। ਪਰ ਆਖਿਰਕਾਰ ਇਹ ਤੈਅ ਕਰਨਾ ਹਰੇਕ ਦੇਸ਼ ਉੱਤੇ ਨਿਰਭਰ ਕਰਦਾ ਹੈ ਕਿ ਉਹ ਆਉਣ ਵਾਲੇ ਟਰੈਵਲਰਜ਼ ਤੋਂ ਕੀ ਉਮੀਦ ਕਰਦੇ ਹਨ।
ਬਲਾਕ ਕਿਊਬਿਕੁਆ ਦੇ ਆਗੂ ਯਵੇਸ ਫਰੈਂਕੌਇਸ ਬਲਾਂਸ਼ੇ ਨੇ ਆਖਿਆ ਕਿ ਉਹ ਇੰਟਰਨੈਸ਼ਨਲ ਟਰੈਵਲ ਲਈ ਵੈਕਸੀਨ ਪਾਸਪੋਰਟ ਦੇ ਆਈਡੀਆ ਦਾ ਸਮਰਥਨ ਕਰਦੇ ਹਨ। ਪਰ ਅਮਰੀਕਾ ਹੋਰਨਾਂ ਦੇਸ਼ਾਂ ਵਾਂਗ ਇਸ ਤਰ੍ਹਾਂ ਦੇ ਦਸਤਾਵੇਜ਼ਾਂ ਵਿੱਚ ਦਿਲਚਸਪੀ ਲੈਂਦਾ ਨਜ਼ਰ ਨਹੀਂ ਆ ਰਿਹਾ। ਵੈਕਸੀਨੇਸ਼ਨ ਕਰਵਾਏ ਹੋਣ ਦਾ ਸਬੂਤ ਕਿਸੇ ਰੂਪ ਵਿੱਚ ਮੁਹੱਈਆ ਕਰਵਾਏ ਜਾਣ ਦੇ ਮੁੱਦੇ ਉੱਤੇ ਦੇਸ਼ ਭਰ ਦੇ ਸਾਰੇ ਪ੍ਰੋਵਿੰਸਾਂ ਵਿੱਚ ਗੱਲਬਾਤ ਕਦੋਂ ਤੋਂ ਚੱਲ ਰਹੀ ਹੈ। ਅਪਰੈਲ ਦੇ ਮਹੀਨੇ ਕਰਵਾਏ ਗਏ ਇੱਕ ਆਨਲਾਈਲ ਸਰਵੇਖਣ ਤੋਂ ਵੀ ਇਹ ਸਾਹਮਣੇ ਆਇਆ ਸੀ ਕਿ ਵੈਕਸੀਨ ਪਾਸਪੋਰਟ ਦੇ ਮਾਮਲੇ ਵਿੱਚ ਕੈਨੇਡੀਅਨਜ਼ ਤੇ ਅਮੈਰੀਕਨਜ਼ ਦੀ ਸੋਚ ਵਿੱਚ ਕਾਫੀ ਪਾੜਾ ਹੈ।