ਉਨਟਾਰੀਓ (ਦੇਵ ਇੰਦਰਜੀਤ) : ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਜੂਨ ਦੇ ਮਹੀਨੇ 230,700 ਰੋਜ਼ਗਾਰ ਦੇ ਮੌਕੇ ਪੈਦਾ ਹੋਏ। ਮਹਾਂਮਾਰੀ ਦੀ ਰਫਤਾਰ ਮੱਠੀ ਪੈਣ ਨਾਲ ਦੇਸ਼ ਭਰ ਵਿੱਚ ਪਾਬੰਦੀਆਂ ਵਿੱਚ ਆਈ ਕਮੀ ਕਾਰਨ ਵੀ ਪਾਰਟ ਟਾਈਮ ਰੋਜ਼ਗਾਰ ਦੇ ਮੌਕੇ ਜਿ਼ਆਦਾ ਵਧੇ ਹਨ।
ਪਾਰਟ ਟਾਈਮ ਰੋਜ਼ਗਾਰ ਦੇ ਮੌਕਿਆਂ ਵਿੱਚ 263,900 ਦਾ ਵਾਧਾ ਦਰਜ ਕੀਤਾ ਗਿਆ ਹੈ ਤੇ ਇਸ ਨਾਲ ਇਹ ਮਹਾਂਮਾਰੀ ਦੇ ਪਹਿਲਾਂ ਵਾਲੇ ਪੱਧਰ ਤੱਕ ਪਹੁੰਚ ਗਿਆ ਹੈ। ਜਦਕਿ ਫੁੱਲ ਟਾਈਮ ਰੋਜ਼ਗਾਰ ਦੇ ਮੌਕੇ 33,200 ਦੇ ਹਿਸਾਬ ਨਾਲ ਘਟੇ ਹਨ।ਸਟੈਟੇਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਪਾਰਟ ਟਾਈਮ ਰੋਜ਼ਗਾਰ ਦੇ ਮੌਕੇ ਰੀਟੇਲ ਤੇ ਫੂਡ ਸਰਵਿਸਿਜ਼ ਵਿੱਚ ਵਧੇਰੇ ਵਧੇ ਹਨ ਤੇ ਇਹ ਬਹੁਤਾ ਕਰਕੇ ਨੌਜਵਾਨਾਂ ਨਾਲ ਹੀ ਜੁੜੇ ਹੋਏ ਹਨ।
ਇਹ ਨੌਕਰੀਆਂ ਪਿਛਲੇ ਮਹੀਨੇ ਜੁਲਾਈ ਵਿੱਚ ਕਿਊਬਿਕ, ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਵਧੇਰੇ ਵਧੀਆਂ ਤੇ 101,000 ਨੌਕਰੀਆਂ ਅਕਮੋਡੇਸ਼ਨ ਤੇ ਫੂਡ ਸਰਵਿਸਿਜ਼ ਸੈਕਟਰ ਵਿੱਚ ਪੈਦਾ ਹੋਈਆਂ। ਓਨਟਾਰੀਓ ਵਿੱਚ ਰੋਜ਼ਗਾਰ ਦੀ ਰਫਤਾਰ ਮੱਠੀ ਹੀ ਰਹੀ। ਮਈ ਵਿੱਚ ਨੌਕਰੀਆਂ ਦੀ ਤਲਾਸ਼ ਤੋਂ ਅੱਕ ਥੱਕ ਚੁੱਕੇ ਲੋਕਾਂ ਨੇ ਜੂਨ ਦੇ ਮਹੀਨੇ ਵੀ ਕਈਆਂ ਨੇ ਕੰਮ ਦੀ ਤਲਾਸ਼ ਕੀਤੀ।ਜੂਨ ਵਿੱਚ ਲੇਬਰ ਫੋਰਸ ਦਾ ਆਕਾਰ 170,000 ਤੱਕ ਅੱਪੜ ਗਿਆ।
ਬੇਰੋਜ਼ਗਾਰੀ ਦੀ ਦਰ ਮਈ ਵਿੱਚ 8·2 ਫੀ ਸਦੀ ਦੀ ਥਾਂ ਜੂਨ ਵਿੱਚ 7·8 ਫੀ ਸਦੀ ਤੱਕ ਪਹੁੰਚ ਗਈ। ਸਟੈਟੇਸਟਿਕਸ ਏਜੰਸੀ ਦਾ ਕਹਿਣਾ ਹੈ ਕਿ ਇਹ ਮਹਾਂਮਾਰੀ ਦੌਰਾਨ ਸੱਭ ਤੋਂ ਘੱਟ ਬੇਰੋਜ਼ਗਾਰੀ ਦਰ ਰਹੀ।ਅਪਰੈਲ ਵਿੱਚ ਇਹ 7·5 ਫੀ ਸਦੀ ਮਿਣੀ ਗਈ ਸੀ।