ਜਸਟਿਨ ਟਰੂਡੋ ਦੇ ਨਾਲ ਖੜੇ ਹੋਏ ਕੈਨੇਡੀਅਨ ਸਿੱਖ..!

by mediateam

ਓਂਟਾਰੀਓ ਡੈਸਕ (Vikram Sehajpal) : ਲਿਬਰਲ ਆਗੂ ਜਸਟਿਨ ਟਰੂਡੋ ਵੱਲੋਂ ਆਪਣੇ ਚਿਹਰੇ ਅਤੇ ਸਰੀਰ 'ਤੇ ਕਾਲਾ ਰੰਗ ਮਲਣ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਉਣ ਦੇ ਬਾਵਜੂਦ ਕੈਨੇਡੀਅਨ ਸਿੱਖ ਚੱਟਾਨ ਵਾਂਗ ਉਨਾਂ ਦੇ ਨਾਲ ਖੜੇ ਹਨ। ਸਿੱਖ ਭਾਈਚਾਰੇ ਦੇ ਮਨ ਵਿਚ ਟਰੂਡੋ ਪ੍ਰਤੀ ਮਾਮੂਲੀ ਗੁੱਸਾ ਹੋ ਸਕਦਾ ਹੈ ਪਰ ਨਾਰਾਜ਼ਗੀ ਬਿਲਕੁਲ ਵੀ ਮਹਿਸੂਸ ਨਹੀਂ ਹੁੰਦੀ। ਸਿੱਖ ਭਾਈਚਾਰੇ ਦਾ ਮੰਨਣਾ ਹੈ ਕਿ ਜਸਟਿਨ ਟਰੂਡੋ ਦੀਆਂ ਪੁਰਾਣੀਆਂ ਤਸਵੀਰਾਂ ਬਾਰੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਮੁਆਫ਼ੀ ਮੰਗ ਚੁੱਕੇ ਹਨ। 

ਜਸਟਿਨ ਟਰੂਡੋ ਨਾਲ ਤਸਵੀਰ ਵਿਚ ਨਜ਼ਰ ਆ ਰਹੇ ਸਨੀ ਖੁਰਾਣਾ ਨੇ ਕਿਹਾ ਕਿ ਉਨਾਂ ਦੇ ਬੱਚੇ ਵੈਨਕੂਵਰ ਦੀ ਵੈਸਟ ਪੁਆਇੰਟ ਗਰੇਅ ਅਕੈਡਮੀ ਵਿਚ ਜਾਂਦੇ ਸਨ ਜਿਥੇ ਟਰੂਡੋ ਨੇ ਅਧਿਆਪਕ ਵਜੋਂ ਸੇਵਾਵਾਂ ਨਿਭਾਈਆਂ। ਸਰੀ ਦੇ ਗੁਰੂ ਬਾਜ਼ਾਰ ਵਿਚ ਕੱਪੜਿਆਂ ਦੀ ਦੁਕਾਨ ਚਲਾ ਰਹੇ ਸਨੀ ਖੁਰਾਣਾ ਨੇ ਕਿਹਾ ਕਿ ਬਿਨਾਂ ਸ਼ੱਕ ਕਿਸੇ ਨਾਲ ਮਾੜਾ ਸਲੂਕ ਜਾਂ ਕਿਸੇ ਹੋਰ ਕਿਸਮ ਦਾ ਨਸਲਵਾਦ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਪਰ ਜਸਟਿਨ ਟਰੂਡੋ ਨੇ ਅਲਾਦੀਨ ਦਾ ਭੇਸ ਧਾਰਨ ਕਰਨ ਖਾਤਰ ਆਪਣੇ ਚਿਹਰੇ 'ਤੇ ਰੰਗ ਮਲਿਆ ਸੀ। ਇਸ ਤੋਂ ਵਧ ਕੇ ਉਨਾਂ ਦਾ ਕੋਈ ਮਕਸਦ ਨਹੀਂ ਸੀ।