ਓਟਾਵਾ (ਦੇਵ ਇੰਦਰਜੀਤ) : ਅਫਗਾਨਿਸਤਾਨ ’ਚ ਤਾਲਿਬਾਨ ਦੇ ਤੇਜ਼ੀ ਨਾਲ ਵਧ ਰਹੇ ਕੰਟਰੋਲ ਵਿਚਾਲੇ ਮਹਿਲਾ ਕਾਰਕੁੰਨਾਂ ਅਤੇ ਪੱਤਰਕਾਰਾਂ ਸਮੇਤ ਤਕਰੀਬਨ 20,000 ਅਫਗਾਨ ਨਾਗਰਿਕਾਂ ਦੇ ਵਸੇਬੇ ’ਚ ਕੈਨੇਡਾ ਮਦਦ ਕਰੇਗਾ। ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਮਾਕਰ ਮੈਂਡੀਸਿਨੋ ਨੇ ਸ਼ੁੱਕਰਵਾਰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, “ਕੈਨੇਡਾ 20,000 ਤੋਂ ਵੱਧ ਅਫਗਾਨ ਸ਼ਰਨਾਰਥੀਆਂ ਦੇ ਸਵਾਗਤ ਲਈ ਇੱਕ ਵਿਸ਼ੇਸ਼ ਇਮੀਗ੍ਰੇਸ਼ਨ ਪ੍ਰੋਗਰਾਮ ਬਣਾਏਗਾ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਕੈਨੇਡਾ ਨੇ ਐਲਾਨ ਕੀਤਾ ਸੀ ਕਿ ਉਹ ਅਫਗਾਨਿਸਤਾਨ ’ਚ ਕੈਨੇਡਾ ਦੇ ਫੌਜੀ ਯਤਨਾਂ ’ਚ ਸਹਾਇਤਾ ਕਰਨ ਵਾਲਿਆਂ ਲਈ ਬਣਾਏ ਗਏ ਵਿਸ਼ੇਸ਼ ਇਮੀਗ੍ਰੇਸ਼ਨ ਪ੍ਰੋਗਰਾਮਾਂ ਜ਼ਰੀਏ ਹਜ਼ਾਰਾਂ ਅਫਗਾਨਿਸਤਾਨੀ ਨਾਗਰਿਕਾਂ ਦਾ ਵਸੇਬਾ ਕਰੇਗਾ।
ਅਫਗਾਨਿਸਤਾਨ ’ਚ ਵਿਦੇਸ਼ੀ ਫੌਜੀਆਂ ਦੀ ਵਾਪਸੀ ਵਿਚਾਲੇ ਤਾਲਿਬਾਨ ਦੇ ਹਮਲਿਆਂ ’ਚ ਵਾਧਾ ਹੋਇਆ ਹੈ। ਤਾਲਿਬਾਨ ਨੇ ਹੁਣ ਤੱਕ ਅਫਗਾਨਿਸਤਾਨ ਦੀਆਂ 34 ਸੂਬਾਈ ਰਾਜਧਾਨੀਆਂ ’ਚੋਂ ਤਕਰੀਬਨ ਅੱਧੇ ਅਤੇ ਇਸ ਦੱਖਣੀ ਏਸ਼ੀਆਈ ਦੇਸ਼ ਦੇ ਤਕਰੀਬਨ ਦੋ-ਤਿਹਾਈ ਹਿੱਸੇ ’ਤੇ ਕਬਜ਼ਾ ਕਰ ਲਿਆ ਹੈ।