ਕਿਊਬਿਕ (ਦੇਵ ਇੰਦਰਜੀਤ) : ਫੋਰਡ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਇਸ ਹਫਤੇ ਤੋਂ ਉਹ ਕਿਊਬਿਕ ਤੇ ਮੈਨੀਟੋਬਾ ਨਾਲ ਲੱਗਦੀ ਆਪਣੀ ਹੱਦ ਖੋਲ੍ਹਣ ਜਾ ਰਹੇ ਹਨ। ਇਨ੍ਹਾਂ ਬਾਰਡਰ ਪਾਬੰਦੀਆਂ ਦੇ ਹਟਾਏ ਜਾਣ ਨਾਲ ਜ਼ਮੀਨੀ ਰਸਤੇ ਤੇ ਪਾਣੀ ਰਾਹੀਂ ਇੰਟਰਪ੍ਰੋਵਿੰਸ਼ੀਅਲ ਟਰੈਵਲ ਦੀ ਇਜਾਜ਼ਤ ਮਿਲ ਜਾਵੇਗੀ।
ਸੌਲੀਸਿਟਰ ਜਨਰਲ ਸਿਲਵੀਆ ਜੋਨਜ਼ ਨੇ ਆਖਿਆ ਕਿ ਸਰਹੱਦੀ ਪਾਬੰਦੀਆਂ ਸਬੰਧੀ ਆਰਡਰ ਬੁੱਧਵਾਰ ਨੂੰ ਰਾਤੀਂ 12:01 ਉੱਤੇ ਖਤਮ ਹੋਣ ਜਾ ਰਿਹਾ ਹੈ ਤੇ ਓਨਟਾਰੀਓ ਵਿੱਚ ਦਾਖਲ ਹੋਣ ਵਾਲਿਆਂ ਨੂੰ ਪ੍ਰੋਵਿੰਸ ਵਿੱਚ ਲਾਗੂ ਪਬਲਿਕ ਹੈਲਥ ਮਾਪਦੰਡਾਂ ਦਾ ਪਾਲਣ ਕਰਨਾ ਹੋਵੇਗਾ। ਆਖਰੀ ਵਾਰੀ ਓਨਟਾਰੀਓ ਨੇ ਇਨ੍ਹਾਂ ਸਰਹੱਦੀ ਪਾਬੰਦੀਆਂ ਵਿੱਚ 29 ਮਈ ਨੂੰ ਵਾਧਾ ਕੀਤਾ ਸੀ ਜੋ ਕਿ ਬੁੱਧਵਾਰ ਨੂੰ ਮੁੱਕਣ ਜਾ ਰਿਹਾ ਹੈ। ਸੱਭ ਤੋਂ ਪਹਿਲਾਂ ਇਹ ਪਾਬੰਦੀਆਂ 16 ਅਪਰੈਲ, 2021 ਨੂੰ ਲਾਈਆਂ ਗਈਆਂ ਸਨ।
ਇਸ ਸਮੇਂ ਪ੍ਰੋਵਿੰਸ ਆਪਣੇ ਰੀਓਪਨਿੰਗ ਪਲੈਨ ਦੇ ਪਹਿਲੇ ਪੜਾਅ ਉੱਤੇ ਹੈ। ਪ੍ਰੋਵਿੰਸ ਦੇ ਅਧਿਕਾਰੀ ਦੂਜਾ ਪੜਾਅ 2 ਜੁਲਾਈ ਤੋਂ ਸ਼ੁਰੂ ਕਰਨਾ ਚਾਹੁੰਦੇ ਹਨ। ਇਸ ਦੌਰਾਨ ਕਿਊਬਿਕ ਸਰਕਾਰ ਨੇ ਅੱਜ ਤੋਂ ਗੈਟਿਨਿਊ ਤੇ ਵੈਸਟਰਨ ਕਿਊਬਿਕ ਵਿੱਚ ਪਾਬੰਦੀਆਂ ਵਿੱਚ ਹੋਰ ਢਿੱਲ ਦੇ ਦਿੱਤੀ। ਇਸ ਤਹਿਤ ਇੰਡੋਰ ਇੱਕਠ ਤੇ ਬਾਰਜ਼ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ। ਮੈਨੀਟੋਬਾ ਵਿੱਚ ਵੀ ਕੋਵਿਡ-19 ਦੇ ਮਾਮਲੇ ਘਟੇ ਹਨ ਤੇ ਇਸ ਪ੍ਰੋਵਿੰਸ ਵਿੱਚ ਵੀ ਕੁੱਝ ਪਾਬੰਦੀਆਂ ਵਿੱਚ ਰਿਆਇਤ ਦਿੱਤੀ ਜਾਵੇਗੀ।
ਅੱਜ ਓਨਟਾਰੀਓ ਵਿੱਚ ਕੋਵਿਡ-19 ਦੇ 447 ਨਵੇਂ ਮਾਮਲੇ ਦਰਜ ਕੀਤੇ ਗਏ ਤੇ ਵਾਇਰਸ ਕਾਰਨ ਚਾਰ ਹੋਰ ਮੌਤਾਂ ਹੋਈਆਂ। ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਦੱਸਿਆ ਕਿ ਟੋਰਾਂਟੋ ਵਿੱਚ 110 ਨਵੇਂ ਮਾਮਲੇ, ਪੀਲ ਰੀਜਨ ਵਿੱਚ 61 ਤੇ ਵਾਟਰਲੂ ਵਿੱਚ 56 ਨਵੇਂ ਮਾਮਲੇ ਸਾਹਮਣੇ ਆਏ।ਕੱਲ੍ਹ ਤੋਂ ਕੋਵਿਡ-19 ਵੈਕਸੀਨ ਦੀਆਂ 135 ਹਜ਼ਾਰ ਡੋਜ਼ਾਂ ਲਾਈਆਂ ਜਾ ਚੁੱਕੀਆਂ ਹਨ ਤੇ ਕੁੱਲ ਮਿਲਾ ਕੇ ਹੁਣ ਤੱਕ 11·3 ਮਿਲੀਅਨ ਤੋਂ ਵੱਧ ਡੋਜ਼ਾਂ ਲੱਗ ਚੁੱਕੀਆਂ ਹਨ।