ਟਾਰਾਂਟੋ (ਦੇਵ ਇੰਦਰਜੀਤ) : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਪਹਿਲਾਂ ਹੀ ਕੋਰੋਨਾ ਵੈਕਸੀਨ ਦੀਆਂ 50 ਕਰੋੜ ਖ਼ੁਰਾਕਾਂ ਦਾ ਯੋਗਦਾਨ ਦੇਣ ਦੀ ਵਚਨਬੱਧਤਾ ਜਤਾਈ ਹੈ, ਜਦੋਂਕਿ ਪ੍ਰਧਾਨ ਮੰਤਰੀ ਬੋਰਿਸ ਜਾਸਨ ਨੇ ਬ੍ਰਿਟੇਨ ਵੱਲੋਂ 10 ਕਰੋੜ ਵੈਕਸੀਨ ਦੇਣਾ ਨਿਰਧਾਰਤ ਕੀਤਾ ਹੈ। ਬ੍ਰਿਟੇਨ ਵਿਚ ਕੈਨੇਡਾ ਦੇ ਹਾਈ ਕਮਿਸ਼ਨਰ ਗੁਡਲੇ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਕੈਨੇਡਾ ਦੇ ਫ਼ੈਸਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੈਨੇਡਾ ਪੂਰੇ ਵਿਸ਼ਵ ਵਿਚ 10 ਕਰੋੜ ਖ਼ੁਰਾਕਾਂ ਭੇਜੇਗਾ। ਉਨ੍ਹਾਂ ਦੱਸਿਆ ਕਿ ਭੌਤਿਕ ਖ਼ੁਰਾਕ ਅਤੇ ਤੁਲਨਾਤਮਕ ਵਿੱਤੀ ਸਹਾਇਤਾ ਦੇ ਸੰਯੋਜਨ ਦੇ ਆਧਾਰ ’ਤੇ ਕੈਨੇਡਾ ਦਾ ਯੋਗਦਾਨ 10 ਕਰੋੜ ਖ਼ੁਰਾਕਾਂ ਦੇ ਬਰਾਬਰ ਹੋਵੇਗਾ।
ਕੈਨੇਡਾ ਵਿਕਾਸਸ਼ੀਲ ਦੇਸ਼ਾਂ ਨੂੰ ਕੋਵਿਡ-19 ਵੈਕਸੀਨ ਦੀਆਂ 1 ਅਰਬ ਖ਼ੁਰਾਕਾਂ ਦਾਨ ਕਰਨ ਦੇ ਜੀ7 ਦੇਸ਼ਾਂ ਦੇ ਸੰਕਲਪ ਦੇ ਹਿੱਸੇ ਦੇ ਰੂਪ ਵਿਚ 10 ਕਰੋੜ ਖ਼ੁਰਾਕਾਂ ਦਾ ਯੋਗਦਾਨ ਦੇਵੇਗਾ। ਦੁਨੀਆ ਦੀ ਸਭ ਤੋਂ ਵੱਡੀ ਵਿਕਸਿਤ ਅਰਥ ਵਿਵਸਥਾਵਾਂ ਦੇ ਪ੍ਰਮੁੱਖਾਂ ਦੀ ਸਾਲਾਨਾ ਬੈਠਕ ਵਿਚ ਵੈਕਸੀਨ ਦੀ ਸਮਾਨ ਵੰਡ ਸਮੇਤ ਮਹਾਮਾਰੀ ਤੋਂ ਮੁਕਤੀ ਇਕ ਕੇਂਦਰੀ ਵਿਸ਼ਾ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਜੀ7 ਦੇ ਸੰਕਲਪ ਦੇ ਤਹਿਤ ਕਿਹੜਾ ਦੇਸ਼ ਕਿੰਨਾ ਯੋਗਦਾਨ ਦੇਵੇਗਾ, ਇਹ ਐਤਵਾਰ ਨੂੰ ਪਤਾ ਲੱਗੇਗਾ। ਸ਼੍ਰੀ ਗੁਡਲੇ ਨੇ ਕਿਹਾ ਕਿ ਕੈਨੇਡਾ ਦੇ ਲੋਕਾਂ ਨੂੰ ਵੈਕਸੀਨ ਦੇ ਯੋਗਦਾਨ ਦੇ ਫ਼ੈਸਲੇ ਅਤੇ ਖ਼ਰੀਦ ਵਿਚ ਦੇਸ਼ ਨੂੰ ਹੋ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਇਸ ਦੀ ਘਰੇਲੂ ਸਪਲਾਈ ਦੇ ਬਾਰੇ ਵਿਚ ਚਿੰਤਤ ਹੋਣ ਦੀ ਜ਼ਰੂਰਤ ਨਹੀਂ ਹੈ।