ਨਿਊਜ਼ ਡੈਸਕ (ਜਸਕਮਲ) : ਦੱਖਣੀ ਅਲਬਰਟਾ 'ਚ ਇਕ ਫਰਸਟ ਨੇਸ਼ਨ ਕਮਿਊਨਿਟੀ 'ਚ ਇਕ ਘਰ ਨੂੰ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ।ਕੈਲਗਰੀ ਦੇ ਦੱਖਣ-ਪੂਰਬ ਸਥਿਤ ਸਿੱਕਸੀਕਾ ਫਸਟ ਨੇਸ਼ਨ ਨੇ ਕਿਹਾ ਕਿ ਤੜਕੇ ਅੱਗ ਲੱਗਣ ਕਾਰਨ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਸਿੱਕਸੀਕਾ ਫਾਇਰ ਰੈਸਕਿਊ, ਸਿੱਕਸੀਕਾ ਮੈਂਟਲ ਹੈਲਥ ਐਂਡ ਵੈਲਨੈੱਸ ਸਰਵਿਸਿਜ਼, ਆਰਸੀਐੱਮਪੀ ਤੇ ਐਮਰਜੈਂਸੀ ਮੈਡੀਕਲ ਸੇਵਾਵਾਂ ਨੇ ਅੱਗ 'ਤੇ ਕਾਬੂ ਪਾਇਆ।
ਈਐਮਐਸ ਦੇ ਬੁਲਾਰੇ ਸਟੂਅਰਟ ਬ੍ਰਾਈਡੌਕਸ ਨੇ ਕਿਹਾ ਕਿ ਜਾਂਚ ਕਰਨ ਲਈ ਸਵੇਰੇ 5 ਵਜੇ ਦੇ ਆਸ-ਪਾਸ ਘਰ ਪਹੁੰਚੇ। ਬਚਾਅ ਕਾਰਜ ਜਾਰੀ ਸਨ ਇਸੇ ਦੌਰਾਨ ਇਕ ਔਰਤ ਨੂੰ ਅੱਗ ਦੀਆਂ ਲਪਟਾਂ 'ਚੋਂ ਕੱਢਿਆ ਗਿਆ ਪਰ ਉਸ ਦੀ ਜ਼ਿੰਦਗੀ ਬਚਾਉਣ ਦੇ ਯਤਨ ਅਸਫਲ ਰਹੇ। ਉਸ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਫਸਟ ਨੇਸ਼ਨ ਦੇ ਮੁਖੀ ਅਤੇ ਕੌਂਸਲ ਭਾਰੀ ਨੁਕਸਾਨ ਤੋਂ ਬਾਅਦ ਨਿੱਜਤਾ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਇੱਕ ਬਿਆਨ 'ਚ ਕਿਹਾ, "ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਸਿਰਫ਼ ਮ੍ਰਿਤਕਾਂ ਦੇ ਪਰਿਵਾਰਾਂ ਲਈ, ਸਗੋਂ ਸਮੁੱਚੇ ਭਾਈਚਾਰੇ ਲਈ ਵਿਨਾਸ਼ਕਾਰੀ ਹਨ।