
ਵੈਨਕੂਵਰ (ਨੇਹਾ): ਪੁਲੀਸ ਨੇ ਤਿੰਨ ਦਿਨ ਪਹਿਲਾਂ ਬਰੈਂਪਟਨ ਦੀ ਹੁਰਓਂਟਾਰੀਓ ਸਟਰੀਟ ਨੇੜੇ ਵੈਕਸਫੋਰਡ ਰੋਡ ਸਥਿਤ ਇੱਕ ਘਰ ਅਤੇ ਉਸ ਦੇ ਬਾਹਰ ਖੜ੍ਹੀ ਕਾਰ ਨੂੰ ਅੱਗ ਲਾਉਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਅਵਤਾਰ ਸਿੰਘ (21), ਧਨੰਜਯ (23) ਤੇ ਗੌਰਵ ਕਟਾਰੀਆ (21) ਵਜੋਂ ਹੋਈ ਹੈ। ਤਿੰਨੇ ਭਾਰਤੀ ਹਨ ਅਤੇ ਸਟੱਡੀ ਵੀਜ਼ੇ ’ਤੇ ਕੈਨੇਡਾ ਆਏ ਸਨ।
ਇਨ੍ਹਾਂ ਕੋਲੋਂ ਘਰ ਨੂੰ ਅੱਗ ਲਾਉਣ ਵਾਲਾ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਕੁਝ ਸਮਾਂ ਪਹਿਲਾਂ ਇਹ ਤਿੰਨੋਂ ਉਸੇ ਘਰ ’ਚ ਕਿਰਾਏ ’ਤੇ ਰਹਿੰਦੇ ਸਨ ਪਰ ਕਿਰਾਇਆ ਨਾ ਦੇਣ ਕਾਰਨ ਮਾਲਕ ਨੇ ਘਰ ਖਾਲੀ ਕਰਵਾ ਲਿਆ ਸੀ, ਸ਼ਾਇਦ ਇਸੇ ਰੰਜਿਸ਼ ਤਹਿਤ ਉਨ੍ਹਾਂ ਘਰ ਨੂੰ ਅੱਗ ਲਾਈ ਹੋਵੇ।