ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੱਟੜ ਵਿਚਾਰਧਾਰਾ ਵਾਲੀਆਂ ਗਰਮਖ਼ਿਆਲ ਜਥੇਬੰਦੀਆਂ ਨੂੰ ਅਤਿਵਾਦੀ ਸਮੂਹਾਂ ਦੀ ਕੌਮੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਫ਼ੈਡਰਲ ਸਰਕਾਰ ਦੇ ਇਸ ਕਦਮ ਨਾਲ ਇਨਾਂ ਜਥੇਬੰਦੀਆਂ ਦੇ ਮੈਂਬਰਾਂ ਵਿਰੁੱਧ ਸਖ਼ਤ ਕਾਰਵਾਈ ਦਾ ਰਾਹ ਖੁੱਲ ਗਿਆ ਹੈ। ਕੈਨੇਡਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ| ਲੋਕ ਸੁਰੱਖਿਆ ਮੰਤਰੀ ਰਾਲਫ਼ ਗੁਡੇਲ ਵੱਲੋਂ ਜਾਰੀ ਨਵੀਂ ਸੂਚੀ ਮੁਤਾਬਕ ਨਾਜ਼ੀ ਨੈਟਵਰਕ ਨਾਲ ਸਬੰਧਤ ਕੌਮਾਂਤਰੀ ਜਥੇਬੰਦੀ 'ਬਲੱਡ ਐਂਡ ਔਨਰ' ਤੋਂ ਇਲਾਵਾ ਇਸ ਦੀ ਸਹਾਇਕ ਇਕਾਈ 'ਕੌਂਬੈਟ 18' ਦੇ ਮੈਂਬਰਾਂ ਨਾਲ ਹੁਣ ਅਤਿਵਾਦੀਆਂ ਵਾਲਾ ਸਲੂਕ ਕੀਤਾ ਜਾਵੇਗਾ।
ਕੈਨੇਡਾ ਸਰਕਾਰ ਦੀ ਅਤਿਵਾਦੀ ਜਥੇਬੰਦੀਆਂ ਦੀ ਸੂਚੀ ਵਿਚ ਪ੍ਰਮੁੱਖ ਤੌਰ 'ਤੇ ਅਲ-ਕਾਇਦਾ, ਇਸਲਾਮਿਕ ਸਟੇਟ, ਬੋਕੋ ਹਰਮ ਅਤੇ ਲਿਬਰੇਸ਼ਨ ਟਾਈਗਰਜ਼ ਆਫ਼ ਤਾਮਿਲ ਈਲਮ ਸ਼ਾਮਲ ਹਨ। ਅਤਿਵਾਦੀਆਂ ਦੀ ਸੂਚੀ ਵਿਚ ਆਉਣ 'ਤੇ ਇਨਾਂ ਜਥੇਬੰਦੀਆਂ ਦੀਆਂ ਜਾਇਦਾਦਾਂ ਜ਼ਬਤ ਕੀਤੀਆ ਜਾ ਸਕਣਗੀਆਂ ਅਤੇ ਸੂਚੀਬੱਧ ਜਥੇਬੰਦੀਆਂ ਦੀ ਮਦਦ ਕਰਨ ਵਾਲਿਆਂ ਵਿਰੁੱਧ ਅਤਿਵਾਦ ਨਾਲ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।