ਵੈਨਕੁਵਰ (NRI MEDIA) : 2020 ਦੀ ਸ਼ੁਰੂਆਤ ਭਾਵ 1 ਜਨਵਰੀ ਤੋਂ ਕੈਨੇਡਾ ਦੇ ਵੈਨਕੁਵਰ ਵਿੱਚ ਫੋਮ ਦੇ ਕੱਪਾਂ ਜਾਂ ਹੋਰਨਾਂ ਬਰਤਨਾਂ 'ਤੇ ਪਾਬੰਦੀ ਲੱਗ ਜਾਵੇਗੀ।ਵੈਨਕੁਵਰ ਸ਼ਹਿਰ ਦੀ ਜ਼ੀਰੋ ਵੇਸਟ ਸਟਰੈਟਜੀ (ਸਿੰਗਲ-ਯੂਜ਼ ਆਈਟਮ ਰਿਡੱਕਸ਼ਨ ਸਟਰੈਟਜੀ) ਦੀ ਸੀਨੀਅਰ ਪ੍ਰੋਜੈਕਟ ਮੈਨੇਜਰ ਮੋਨਿਕਾ ਕੌਸਮੈਕ ਨੇ ਕਿਹਾ ਕਿ ਸਰਕਾਰ ਨੇ ਫੋਮ ਦੀਆਂ ਸਿੰਗਲ-ਯੂਜ਼ ਚੀਜ਼ਾਂ 'ਤੇ ਪਾਬੰਦੀ ਲਾਉਣ ਦੀ ਤਿਆਰੀ 2019 ਦੇ ਜੂਨ ਮਹੀਨੇ ਵਿੱਚ ਹੀ ਕਰ ਲਈ ਸੀ, ਪਰ ਕੁਝ ਕਾਰਨਾਂ ਕਰਕੇ ਇਹ ਪ੍ਰੋਗਰਾਮ ਮੁਲਤਵੀ ਕਰਨਾ ਪਿਆ ਸੀ।
ਇਨਾਂ ਵਿੱਚ ਇੱਕ ਕਾਰਨ ਫੋਮ ਦੀ ਸਪਲਾਈ ਕਰਨ ਵਾਲਿਆਂ ਨੂੰ ਫੋਮ ਦੀਆਂ ਚੀਜ਼ਾਂ ਦਾ ਬਦਲ ਲੱਭਣ ਲਈ ਮੌਕਾ ਦੇਣਾ ਵੀ ਸੀ, ਤਾਂ ਜੋ ਉਹ ਇਸ ਦਾ ਬਦਲਵਾਂ ਪ੍ਰਬੰਧ ਕਰ ਲੈਣ ਅਤੇ ਉਨਾਂ ਦੇ ਕਾਰੋਬਾਰ 'ਤੇ ਮਾੜਾ ਅਸਰ ਵੀ ਨਾ ਪਵੇ। ਦੱਸ ਦਈਏ ਕਿ ਜੇਕਰ ਇੱਥੇ ਫੋਮ ਦੇ ਕੱਪਾਂ ਤੇ ਹੋਰ ਸਮੱਗਰੀ 'ਤੇ ਪਾਬੰਦੀ ਲੱਗ ਜਾਂਦੀ ਹੈ ਤਾਂ ਵੈਨਕੁਵਰ ਉੱਤਰੀ ਅਮਰੀਕਾ ਦੇ ਉਨਾਂ ਹੋਰਨਾਂ 100 ਸ਼ਹਿਰਾਂ ਵਿੱਚ ਸ਼ਾਮਲ ਹੋ ਜਾਵੇਗਾ, ਜਿਨਾਂ ਨੇ ਇਸ 'ਤੇ ਪਹਿਲਾਂ ਹੀ ਪਾਬੰਦੀਆਂ ਲਾਈਆਂ ਹੋਈਆਂ ਹਨ।
ਇਸ ਤੋਂ ਇਲਾਵਾ ਵੈਨਕੁਵਰ ਇਹ ਪਾਬੰਦੀ ਲਾਗੂ ਕਰਨ ਵਾਲਾ ਕੈਨੇਡਾ ਦਾ ਪਹਿਲਾ ਸ਼ਹਿਰ ਬਣ ਜਾਵੇਗੀ। 1 ਜਨਵਰੀ 2021 ਤੋਂ ਹਰ ਡਿਸਪੋਜ਼ਏਬਲ ਕੱਪ ਦੀ ਘੱਟੋ-ਘੱਟ ਕੀਮਤ 0.25 ਡਾਲਰ ਕਰ ਦਿੱਤੀ ਜਾਵੇਗੀ। ਇੱਕ ਵਾਰ ਵਰਤੋਂਯੋਗ ਬਰਤਨਾਂ 'ਤੇ ਹੋਰਨਾਂ ਪਾਬੰਦੀਆਂ ਦੀ ਲੜੀ ਆਉਣ ਵਾਲੇ ਸਾਲਾਂ ਵਿੱਚ ਲਾਗੂ ਕੀਤੀ ਜਾਵੇਗੀ।